ਲੁਧਿਆਣਾ : ਪੰਜਾਬ ਦੇ ਮੌਸਮ ਨੂੰ ਲੈ ਕੇ ਅਹਿਮ ਖਬਰਾਂ ਆ ਰਹੀਆਂ ਹਨ। ਦਰਅਸਲ, ਭਾਰਤ ਦੇ ਮੌਸਮ ਵਿਭਾਗ (IMD) ਨੇ ਪੰਜਾਬ, ਹਰਿਆਣਾ-ਚੰਡੀਗੜ੍ਹ-ਦਿੱਲੀ ਅਤੇ ਪੱਛਮੀ ਉੱਤਰ ਪ੍ਰਦੇਸ਼ ਦੇ ਕੁਝ ਹਿੱਸਿਆਂ ਵਿੱਚ ਹੀਟਵੇਵ ਤੋਂ ਲੈ ਕੇ ਗੰਭੀਰ ਗਰਮੀ ਦੀ ਸਥਿਤੀ ਦੀ ਚੇਤਾਵਨੀ ਦਿੱਤੀ ਹੈ। ਵਿਭਾਗ ਮੁਤਾਬਕ ਅਗਲੇ 5 ਦਿਨਾਂ ‘ਚ ਰਾਜਾਂ ਲਈ ਰੈੱਡ ਅਲਰਟ ਜਾਰੀ ਕੀਤਾ ਗਿਆ ਹੈ।
ਦੱਸ ਦੇਈਏ ਕਿ ਸੂਬੇ ਦਾ ਵੱਧ ਤੋਂ ਵੱਧ ਤਾਪਮਾਨ 46.6 ਡਿਗਰੀ ਤੱਕ ਪਹੁੰਚ ਗਿਆ ਹੈ ਅਤੇ ਆਉਣ ਵਾਲੇ ਦਿਨਾਂ ‘ਚ ਗਰਮੀ ਹੋਰ ਵਧਣ ਦੀ ਸੰਭਾਵਨਾ ਹੈ। ਬੀਤੇ ਦਿਨ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ ਅੱਜ ਫਿਰ ਗਰਮੀ ਕਾਰਨ ਇਕ ਵਿਅਕਤੀ ਦੀ ਜਾਨ ਚਲੀ ਗਈ। ਮੌਸਮ ਵਿਭਾਗ ਅਨੁਸਾਰ ਸਭ ਤੋਂ ਗਰਮ ਸ਼ਹਿਰਾਂ ਦੀ ਸੂਚੀ ਵਿੱਚ ਬਠਿੰਡਾ ਪਹਿਲੇ ਨੰਬਰ ’ਤੇ ਹੈ ਅਤੇ ਇੱਥੋਂ ਦਾ ਤਾਪਮਾਨ 46.6 ਡਿਗਰੀ ਦਰਜ ਕੀਤਾ ਗਿਆ ਹੈ। ਜਦਕਿ ਪਠਾਨਕੋਟ ਵਿੱਚ 43.6 ਡਿਗਰੀ ਤਾਪਮਾਨ ਦਰਜ ਕੀਤਾ ਗਿਆ ਹੈ। ਮਾਹਿਰਾਂ ਨੇ ਗਰਮੀ ਵਿੱਚ ਬਾਹਰ ਜਾਣ ਤੋਂ ਬਚਣ ਦੀ ਸਲਾਹ ਦਿੱਤੀ ਹੈ।