ਪੀ.ਏ.ਯੂ. ਦੇ ਡਾਇਰੈਕਟੋਰੇਟ ਪਸਾਰ ਸਿੱਖਿਆ ਵੱਲੋਂ ਫਾਰਮਰ ਫਸਟ ਪ੍ਰੋਜੈਕਟ ਅਧੀਨ ਮਾਹਿਰਾਂ ਦੀ ਇੱਕ ਟੀਮ ਨੇ ਗੋਦ ਲਏ ਪਿੰਡਾਂ ਵਿੱਚ ਇੱਕ ਸਿਖਲਾਈ ਕੈਂਪ ਲਗਾਏ| ਇਹਨਾਂ ਪਿੰਡਾਂ ਵਿਚ ਸੰਗਰੂਰ ਦੇ ਭੋਜੋਵਾਲੀ ਅਤੇ ਭੱਦਲਵੱਢ ਪਿੰਡ ਸ਼ਾਮਿਲ ਹਨ| ਇਸ ਦੌਰਾਨ ਕਿਸਾਨਾਂ ਨੂੰ ਪਰਾਲੀ ਦੀ ਸੰਭਾਲ ਦੇ ਨਾਲ-ਨਾਲ ਹਾੜੀ ਦੀਆਂ ਫ਼ਸਲਾਂ ਦੀ ਕਾਸ਼ਤ, ਖੁੰਬਾਂ ਦੀ ਕਾਸ਼ਤ ਅਤੇ ਖੇਤੀ ਉਤਪਾਦਨ ਦੀ ਪ੍ਰੋਸੈਸਿੰਗ ਬਾਰੇ ਦੱਸਿਆ ਗਿਆ|

ਪਸਾਰ ਮਾਹਿਰ ਡਾ ਪੰਕਜ ਕੁਮਾਰ ਨੇ ਕਿਸਾਨਾਂ ਨੂੰ ਇਸ ਪ੍ਰੋਜੈਕਟ ਦੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਦਿੱਤੀ| ਫ਼ਸਲ ਵਿਗਿਆਨੀ ਡਾ. ਵਜਿੰਦਰ ਪਾਲ ਕਾਲੜਾ ਨੇ ਪਰਾਲੀ ਦੀ ਸੰਭਾਲ ਦੇ ਤਰੀਕਿਆਂ ਬਾਰੇ ਵਿਸਥਾਰ ਨਾਲ ਦੱਸਿਆ| ਉਹਨਾਂ ਕਿਹਾ ਕਿ ਹੈਪੀਸੀਡਰ, ਸੁਪਰ ਸੀਡਰ, ਸਰਫੇਸ ਸੀਡਰ ਅਤੇ ਹੋਰ ਮਸ਼ੀਨਾਂ ਦੀ ਵਰਤੋਂ ਨਾਲ ਪਰਾਲੀ ਨੂੰ ਖੇਤ ਵਿਚ ਸੰਭਾਲ ਕੇ ਮਿੱਟੀ ਦੇ ਗੁਣਾਂ ਵਿਚ ਵਾਧਾ ਸੰਭਵ ਹੈ| ਉਹਨਾਂ ਨੇ ਵਾਤਾਵਰਨ ਪੱਖੀ ਤਕਨੀਕਾਂ ਤੇ ਵੀ ਰੌਸ਼ਨੀ ਪਾਈ|

ਡਾ. ਗੁਰਵੀਰ ਕੌਰ ਨੇ ਕਿਸਾਨਾਂ ਦੀ ਆਮਦਨ ਵਧਾਉਣ ਲਈ ਖੇਤੀ ਉਪਜ ਦੀ ਪ੍ਰੋਸੈਸਿੰਗ ਬਾਰੇ ਗੱਲ ਕੀਤੀ| ਉਹਨਾਂ ਨੇ ਖੇਤੀ ਪ੍ਰੋਸੈਸਿੰਗ ਦੇ ਵੱਖ-ਵੱਖ ਤਰੀਕਿਆਂ ਅਤੇ ਉਸਦੇ ਪ੍ਰਭਾਵ ਤੇ ਚਾਨਣਾ ਪਾਇਆ| ਨਾਲ ਹੀ ਗੰਨੇ ਦੀ ਬਿਜਾਈ ਵਾਲੇ ਖੇਤਰਾਂ ਵਿਚ ਗੁੜ ਬਨਾਉਣ ਲਈ ਪ੍ਰੇਰਿਤ ਕਰਦਿਆਂ ਡਾ. ਗੁਰਵੀਰ ਕੌਰ ਨੇ ਕਿਸਾਨਾਂ ਨੂੰ ਪ੍ਰੋਸੈਸਿੰਗ ਦੇ ਮਹੱਤਵ ਤੋਂ ਜਾਣੂੰ ਕਰਵਾਇਆ|