ਐੱਮ.ਜੀ. ਐੱਮ.ਪਬਲਿਕ ਸਕੂਲ, ਲੁਧਿਆਣਾ ‘ਚ ਜਨਮ ਅਸ਼ਟਮੀ ਦੇ ਪਵਿੱਤਰ ਤਿਉਹਾਰ ‘ਤੇ ਵਿਦਿਆਰਥੀ ਸ਼੍ਰੀ ਕ੍ਰਿਸ਼ਨ ਅਤੇ ਰਾਧਾ ਰਾਣੀ ਦੀ ਪੁਸ਼ਾਕ ਪਹਿਨ ਕੇ ਆਏ। ਪ੍ਰੋਗਰਾਮ ‘ਚ ਕੁੱਝ ਬੱਚਿਆਂ ਨੇ ਕ੍ਰਿਸ਼ਨ ਦੀ ਭਗਤੀ ਦੇ ਗੀਤਾਂ ‘ਤੇ ਡਾਂਸ ਕਰਕੇ ਪੂਰੇ ਮਾਹੌਲ ਨੂੰ ਕ੍ਰਿਸ਼ਨ-ਭਗਤੀ ਨਾਲ ਭਰ ਦਿੱਤਾ।
ਮਟਕੀ ਤੋੜਨ ਦੀ ਰਸਮ ਵੀ ਬਾਲ ਗੋਪਾਲ ਵੱਲੋਂ ਨਿਭਾਈ ਗਈ। ਸਕੂਲ ਦੇ ਪ੍ਰਿੰਸੀਪਲ ਪੂਨਮ ਸਕਸੈਨਾ ਅਤੇ ਅਧਿਆਪਕਾਂ ਨੇ ਸ਼੍ਰੀ ਕ੍ਰਿਸ਼ਨ ਜੀ ਦੀ ਪੂਜਾ ਅਰਚਨਾ ਕੀਤੀ ਅਤੇ ਪ੍ਰਸ਼ਾਦ ਗ੍ਰਹਿਣ ਕੀਤਾ। ਇਸ ਮੌਕੇ ਪਿ੍ੰਸੀਪਲ ਨੇ ਕਿਹਾ ਕਿ ਅੱਜ ਦੇ ਸਮੇਂ ਵਿਚ ਜੇਕਰ ਕੋਈ ਪੁਸਤਕ ਗਿਆਨ ਨੂੰ ਵਧੀਆ ਤਰੀਕੇ ਨਾਲ ਸਮਝਾ ਸਕਦੀ ਹੈ ਤਾਂ ਉਹ ਹੈ ਸ਼੍ਰੀਮਦ ਭਾਗਵਤ ਗੀਤਾ |
ਉਨ੍ਹਾਂ ਕਿਹਾ ਕਿ ਅਧਿਆਤਮਿਕਤਾ ਉਹ ਬੀਜ ਹੈ ਜੋ ਸ੍ਰੀ ਕ੍ਰਿਸ਼ਨ ਜੀ ਦੇ ਮਨੁੱਖੀ ਆਚਰਣ ਵਿੱਚ ਸਹਿਜੇ ਹੀ ਨਜ਼ਰ ਆ ਜਾਂਦੀ ਹੈ। ਇਸ ਤੋਂ ਇਲਾਵਾ ਬੱਚਿਆਂ ਨੂੰ ਭਗਵਾਨ ਕ੍ਰਿਸ਼ਨ ਦੇ ਜਨਮ ਦਿਵਸ ਸਬੰਧੀ ਜਾਣਕਾਰੀ ਦਿੱਤੀ ਗਈ। ਉਨ੍ਹਾਂ ਕਿਹਾ ਕਿ ਸਾਨੂੰ ਭਗਵਾਨ ਕ੍ਰਿਸ਼ਨ ਤੋਂ ਸਿੱਖਣਾ ਚਾਹੀਦਾ ਹੈ ਕਿ ਹਰ ਸਥਿਤੀ ਦਾ ਸਾਹਮਣਾ ਕਿਵੇਂ ਕਰਨਾ ਹੈ।
ਉਹਨਾਂ ਨੇ ਕੰਸ ਨੂੰ ਮਾਰ ਕੇ ਲੋਕਾਂ ਨੂੰ ਅੱਤਿਆਚਾਰਾਂ ਤੋਂ ਮੁਕਤ ਕੀਤਾ। ਸ਼੍ਰੀ ਕ੍ਰਿਸ਼ਨ ਨੇ ਅਰਜੁਨ ਨੂੰ ਉਪਦੇਸ਼ ਦੇ ਕੇ ਆਤਮਾ, ਪ੍ਰਮਾਤਮਾ, ਯੋਗ ਅਤੇ ਕਰਮ ਦੀ ਵਿਆਖਿਆ ਕੀਤੀ। ਸਕੂਲ ਦੇ ਡਾਇਰੈਕਟਰ ਗੱਜਣ ਸਿੰਘ ਥਿੰਦ ਨੇ ਜਨਮ ਅਸ਼ਟਮੀ ਦੇ ਤਿਉਹਾਰ ਦੀਆਂ ਸਾਰਿਆਂ ਨੂੰ ਦਿਲੋਂ ਵਧਾਈਆਂ ਦਿੱਤੀਆਂ।