ਪੰਜਾਬ ਦੇ ਸਾਰੇ ਸਰਕਾਰੀ ਦਫ਼ਤਰਾਂ ਦਾ ਸਮਾਂ ਬਦਲ ਗਿਆ ਹੈ। ਸਰਕਾਰੀ ਹੁਕਮਾਂ ਦੇ ਮੁਤਾਬਕ 17 ਜੁਲਾਈ, 2023 ਮਤਲਬ ਕਿ ਆਉਣ ਵਾਲੇ ਸੋਮਵਾਰ ਨੂੰ ਸਾਰੇ ਸਰਕਾਰੀ ਦਫ਼ਤਰਾਂ ਦਾ ਸਮਾਂ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਦਾ ਹੋਵੇਗਾ। ਇਸ ਸਬੰਧੀ ਸਰਕਾਰ ਵੱਲੋਂ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਗਿਆ ਹੈ। ਦੱਸਣਯੋਗ ਹੈ ਕਿ ਗਰਮੀਆਂ ਦੇ ਮੌਸਮ ਨੂੰ ਧਿਆਨ ‘ਚ ਰੱਖ ਕੇ ਸਰਕਾਰੀ ਦਫ਼ਤਰਾਂ ਦਾ ਸਮਾਂ 15 ਜੁਲਾਈ ਤੱਕ ਸਵੇਰੇ 7.30 ਵਜੇ ਤੋਂ ਲੈ ਕੇ ਦੁਪਹਿਰ 2 ਵਜੇ ਤੱਕ ਕਰ ਦਿੱਤਾ ਸੀ।
ਉਕਤ ਫ਼ੈਸਲਾ ਮੁੱਖ ਮੰਤਰੀ ਭਗਵੰਤ ਮਾਨ ਨੇ ਗਰਮੀਆਂ ‘ਚ ਬਿਜਲੀ ਦੀ ਕਿੱਲਤ ਤੋਂ ਬਚਣ ਲਈ ਲਿਆ ਸੀ। ਉਨ੍ਹਾਂ ਨੇ ਨਾਲ ਹੀ ਕਿਹਾ ਸੀ ਕਿ ਇਹ ਫ਼ੈਸਲਾ ਵਿਦੇਸ਼ਾਂ ਦੀ ਤਰਜ਼ ‘ਤੇ ਲਿਆ ਗਿਆ ਹੈ ਅਤੇ ਇਹ ਪੂਰੇ ਦੇਸ਼ ‘ਚ ਪੰਜਾਬ ਅੰਦਰ ਆਪਣੀ ਤਰ੍ਹਾਂ ਦੀ ਪਹਿਲੀ ਕੋਸ਼ਿਸ਼ ਸੀ। ਹੁਣ ਸੋਮਵਾਰ ਤੋਂ ਫਿਰ ਸਰਕਾਰੀ ਦਫ਼ਤਰਾਂ ਦਾ ਸਮਾਂ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਦਾ ਹੋ ਜਾਵੇਗਾ।