ਲੁਧਿਆਣਾ : ਅਗੇਤੀ ਮਾਨਸੂਨ ਪੰਜਾਬ ’ਚ ਆਪਣਾ ਜਲਵਾ ਨਹੀਂ ਦਿਖਾ ਸਕੀ ਹੈ। ਮੌਸਮ ਵਿਭਾਗ ਮੁਤਾਬਕ 7 ਜੁਲਾਈ ਤੱਕ ਪੰਜਾਬ ਦੇ ਕਈ ਹਿੱਸਿਆਂ ’ਚ ਹਲਕੀ ਤੋਂ ਦਰਮਿਆਨੀ ਬਾਰਸ਼ ਦੇ ਆਸਾਰ ਹਨ। ਕਈ ਜਗ੍ਹਾ ਸੋਮਵਾਰ ਨੂੰ ਹਲਕੀ ਬਾਰਸ਼ ਹੋਈ ਪਰ ਹੁੰਮਸ ਨੇ ਲੋਕਾਂ ਨੂੰ ਵਧੇਰੇ ਪਰੇਸ਼ਾਨ ਕੀਤਾ।
ਬੀਤੇ ਦਿਨ ਤਾਪਮਾਨ ’ਚ 0.9 ਡਿਗਰੀ ਸੈਲਸੀਅਸ ਦਾ ਵਾਧਾ ਦਰਜ ਕੀਤਾ ਗਿਆ। ਕਈ ਦਿਨਾਂ ਬਾਅਦ ਸੂਬੇ ਦੇ ਤਾਪਮਾਨ ਨੇ 40 ਡਿਗਰੀ ਸੈਲਸੀਅਸ ਦੇ ਅੰਕੜੇ ਨੂੰ ਛੂਹਿਆ। ਸੂਬੇ ’ਚ ਸਭ ਤੋਂ ਵੱਧ ਤਾਪਮਾਨ ਸਮਰਾਲਾ (ਲੁਧਿਆਣਾ) ਦਾ 40.8 ਡਿਗਰੀ ਸੈਲਸੀਅਸ ਰਿਹਾ।
ਇਸ ਤੋਂ ਇਲਾਵਾ ਜ਼ਿਲ੍ਹਾ ਫਿਰੋਜ਼ਪੁਰ ਤੇ ਅੰਮ੍ਰਿਤਸਰ ਦਾ ਤਾਪਮਾਨ 40 ਡਿਗਰੀ ਰਿਹਾ, ਬਾਕੀ ਸਾਰੇ ਜ਼ਿਲ੍ਹਿਆਂ ਦਾ ਤਾਪਮਾਨ 40 ਤੋਂ ਹੇਠਾਂ ਰਿਹਾ। ਆਉਣ ਵਾਲੇ ਦਿਨਾਂ ਦੌਰਾਨ ਤਾਪਮਾਨ ’ਚ ਬਹੁਤਾ ਵਾਧਾ ਨਹੀਂ ਹੋਵੇਗਾ ਪਰ ਹੁੰਮਸ ਪਰੇਸ਼ਾਨ ਕਰੇਗੀ।