ਲੁਧਿਆਣਾ : ਪੰਜਾਬ ’ਚ ਮੌਨਸੂਨ ਦਾ ਇੰਤਜ਼ਾਰ ਖ਼ਤਮ ਹੋਣ ਵਾਲਾ ਹੈ। ਮੌਸਮ ਵਿਭਾਗ ਅਨੁਸਾਰ 26 ਜੂਨ ਨੂੰ ਮੌਨਲੂਨ ਪੰਜਾਬ ’ਚ ਪੁੱਜ ਜਾਵੇਗਾ। ਆਮ ਤੌਰ ’ਤੇ ਪੰਜਾਬ ’ਚ ਇਹ 30 ਜੂਨ ਤੋਂ ਪਹਿਲੀ ਜੁਲਾਈ ਦਰਮਿਆਨ ਆਉਂਦਾ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮੌਸਮ ਵਿਭਾਗ ਦੀ ਮੁਖੀ ਡਾ. ਪਵਨੀਤ ਕਿੰਗਰਾ ਅਨੁਸਾਰ ਮੌਨਸੂਨ ਸਰਗਰਮ ਹੋ ਗਿਆ ਹੈ।
ਇਸ ਸਾਲ ਮੌਨਸੂਨ ਲਗਪਗ ਪੰਜ ਦਿਨ ਪਹਿਲਾਂ ਪੁੱਜ ਰਿਹਾ ਹੈ। ਅੱਜ ਐਤਵਾਰ ਨੂੰ ਪੰਜਾਬ ਦੇ ਕਈ ਜ਼ਿਲ੍ਹਿਆਂ ’ਚ ਹਲਕੀ ਬਾਰਿਸ਼, ਬੂੰਦਾਬਾਂਦੀ ਤੇ ਗਰਜ ਨਾਲ ਛਿੱਟੇ ਪੈਣ ਦੀ ਸੰਭਾਵਨਾ ਹੈ। ਪੰਜਾਬ ’ਚ ਜਦੋਂ ਮੌਨਸੂਨ ਪ੍ਰਵੇਸ਼ ਕਰੇਗਾ ਤਾਂ ਬਹੁਤ ਜ਼ਿਆਦਾ ਜਾਂ ਭਾਰੀ ਬਾਰਿਸ਼ ਦੀ ਸੰਭਾਵਨਾ ਨਹੀਂ। ਇਸ ਦੌਰਾਨ ਗਰਜ-ਚਮਕ ਨਾਲ ਛਿੱਟੇ ਪੈ ਸਕਦੇ ਹਨ।
ਸਾਲ 2021 ਤੋਂ ਬਾਅਦ ਦੂਜੀ ਵਾਰ ਮੌਨਸੂਨ ਸਮੇਂ ਤੋਂ ਪਹਿਲਾਂ ਆ ਰਿਹਾ ਹੈ। ਮੌਨਸੂਨ ਦੇ ਪਹਿਲਾਂ ਆਉਣ ਨਾਲ ਝੋਨੇ ਦੀ ਫ਼ਸਲ ਨੂੰ ਫ਼ਾਇਦਾ ਹੋਵੇਗਾ। ਉਧਰ ਸ਼ਨਿਚਰਵਾਰ ਨੂੰ ਫ਼ਰੀਦਕੋਟ ’ਚ ਤਾਪਮਾਨ 43.3 ਡਿਗਰੀ, ਫਿਰੋਜ਼ਪੁਰ ’ਚ 42 ਡਿਗਰੀ, ਅੰਮ੍ਰਿਤਸਰ ’ਚ 41.6 ਡਿਗਰੀ, ਮੁਕਤਸਰ ’ਚ 41.2 ਡਿਗਰੀ, ਲੁਧਿਆਣੇ ’ਚ 38.7 ਡਿਗਰੀ, ਪਟਿਆਲੇ ’ਚ 34.4 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ।