ਲੁਧਿਆਣਾ : ਪੀ ਏ.ਯੂ. ਦੇ ਵਿਦਿਆਰਥੀ ਡਾ ਅਮਨਦੀਪ ਕੌਰ ਨੂੰ ਅਮਰੀਕਾ ਦੀ ਇਡਾਹੋ ਯੂਨੀਵਰਸਿਟੀ ਵਿੱਚ ਪੋਸਟ-ਡਾਕਟੋਰਲ ਫੈਲੋਸ਼ਿਪ ਹਾਸਲ ਹੋਈ ਹੈ। ਇਸ ਦੌਰਾਨ ਉਹ ਐਬਰਡੀਨ ਰਿਸਰਚ ਐਂਡ ਐਕਸਟੈਂਸ਼ਨ ਸੈਂਟਰ, ਇਡਾਹੋ ਵਿਖੇ ਸਥਿਤ ਪਲਾਂਟ ਸਾਇੰਸ ਵਿਭਾਗ ਦੇ ਪ੍ਰੋਫ਼ੈਸਰ ਜਿਆਨਲੀ ਚੇਨ ਦੀ ਅਗਵਾਈ ਹੇਠ ਕਣਕ ਵਿੱਚ ਬੌਣੇ ਬੰਟ ਜੀਨਾਂ ਦੀ ਪਛਾਣ ਅਤੇ ਕਲੋਨਿੰਗ ‘ਤੇ ਕੰਮ ਕਰੇਗੀ। ਉਸ ਨੂੰ 50,000 ਅਮਰੀਕੀ ਡਾਲਰ ਸਾਲਾਨਾ ਫੈਲੋਸ਼ਿਪ ਮਿਲੇਗੀ।

ਉਸਨੇ ਆਪਣੀ ਪੀ.ਐਚ.ਡੀ. ਸਕੂਲ ਆਫ਼ ਐਗਰੀਕਲਚਰਲ ਬਾਇਓਟੈਕਨਾਲੋਜੀ ਤੋਂ ਡਾ ਸਤਿੰਦਰ ਕੌਰ ਦੀ ਅਗਵਾਈ ਹੇਠ ਪੂਰੀ ਕੀਤੀ। ਇਸ ਦੌਰਾਨ ਉਸਨੇ ਕਣਕ ਵਿਚ ਗਰਮੀ ਦੇ ਤਣਾਅ ਦੀ ਸਹਿਣਸ਼ੀਲਤਾ ਵਿੱਚ ਯੋਗਦਾਨ ਪਾਉਣ ਵਾਲੇ ਜੀਨੋਮਿਕ ਖੇਤਰਾਂ ਦੀ ਮੈਪਿੰਗ ‘ਤੇ ਕੰਮ ਕੀਤਾ। ਉਸਨੇ ਆਪਣੀਆਂ ਖੋਜਾਂ ਨੂੰ ਮਿਆਰੀ ਰਸਾਲਿਆਂ ਵਿੱਚ ਪ੍ਰਕਾਸ਼ਿਤ ਕੀਤਾ ਹੈ। ਅਮਨਦੀਪ ਨੇ ਕਣਕ ਦੀ ਗੁਣਵੱਤਾ ਵਿੱਚ ਸੁਧਾਰ ਲਈ ਕੇਂਦਰ ਸਰਕਾਰ ਦੁਆਰਾ ਫੰਡ ਕੀਤੇ ਪ੍ਰੋਜੈਕਟ ਵਿੱਚ ਖੋਜ ਸਹਿਯੋਗੀ ਵਜੋਂ ਵੀ ਕੰਮ ਕੀਤਾ।