ਖੇਡਾਂ
ਪੰਜਾਬ ‘ਚ ਬੈਲਗੱਡੀਆਂ ਦੀ ਦੌੜ ਦੇਖਣ ਦੇ ਚਾਹਵਾਨ ਇਸ ਤਾਰੀਖ਼ ਨੂੰ ਮਾਣ ਸਕਣਗੇ ਆਨੰਦ
Published
2 years agoon

ਲੁਧਿਆਣਾ : ਪੰਜਾਬ ‘ਚ ਕਰੀਬ 9 ਸਾਲ ਬਾਅਦ ਬੈਲਗੱਡੀਆਂ ਦੀ ਦੌੜ ਦੇਖਣ ਨੂੰ ਮਿਲੇਗੀ। 11 ਜੂਨ ਨੂੰ ਕਿਲਾ ਰਾਏਪੁਰ ਦੇ ਸਟੇਡੀਅਮ ‘ਚ ਦਰਸ਼ਕ ਸਿੰਗਲ ਬੈਲਗੱਡੀਆਂ ਦੀ ਦੌੜ ਵੇਖ ਸਕਣਗੇ। ਇਹ ਐਲਾਨ ਐਤਵਾਰ ਨੂੰ ਪੰਜਾਬ ਬੈਲਗੱਡੀ ਦੌੜ ਐਸੋਸੀਏਸ਼ਨ ਨੇ ਕੀਤਾ ਹੈ। ਐਤਵਾਰ ਨੂੰ ਐਸੋਸੀਏਸ਼ਨ ਦੇ ਪ੍ਰਤੀਨਿਧੀਆਂ ਨੇ ਸੁਪਰੀਮ ਕੋਰਟ ਵਲੋਂ ਬੈਲਗੱਡੀ ਦੌੜ ਨੂੰ ਹਰੀ ਝੰਡੀ ਦਿੱਤੇ ਜਾਣ ਦੇ ਫ਼ੈਸਲੇ ਨੂੰ ਧਿਆਨ ‘ਚ ਰੱਖਦਿਆਂ ਇਕ ਬੈਠਕ ਦਾ ਆਯੋਜਨ ਕੀਤਾ।
ਇਸ ਬੈਠਕ ‘ਚ ਸਰਵ ਸੰਮਤੀ ਨਾਲ ਪੰਜਾਬ ‘ਚ ਦੁਬਾਰਾ ਸਿੰਗਲ ਬੈਲਗੱਡੀ ਦੌੜ ਦੇ ਆਗਾਜ਼ ਨੂੰ ਹਰੀ ਝੰਡੀ ਵਿਖਾਈ ਗਈ। ਇਸ ਦੌਰਾਨ ਗਰੇਵਾਲ ਸਪੋਟਰਸ ਸੁਸਾਇਟੀ ਦੇ ਪ੍ਰਧਾਨ ਕਰਨਲ ਸੁਰਿੰਦਰ ਸਿੰਘ ਗਰੇਵਾਲ ਨੇ ਸੁਪਰੀਮ ਕੋਰਟ ਦੇ ਫ਼ੈਸਲੇ ਦਾ ਸੁਆਗਤ ਕਰਦਿਆਂ ਕਿਹਾ ਕਿ ਇਸ ਕਾਨੂੰਨੀ ਲੜਾਈ ਦੀ ਜਿੱਤ ਦਾ ਸਿਹਰਾ ਦੁਆਬ ਬੈਲ ਦੌੜਾਕ ਕਮੇਟੀ ਦੇ ਸਕੱਤਰ ਨਿਰਮਲ ਸਿੰਘ ਨਿੰਮਾ ਅਤੇ ਹੋਰ ਪ੍ਰਤੀਨਿਧੀਆਂ ਨੂੰ ਵੀ ਜਾਂਦਾ ਹੈ ਕਿਉਂਕਿ ਇਹ ਕਮੇਟੀ ਕਾਨੂੰਨੀ ਲੜਾਈ ‘ਚ ਅੱਗੇ ਰਹੀ ਹੈ।
ਪੰਜਾਬ ‘ਚ ਕਿਲਾ ਰਾਏਪੁਰ ਦੇ ਸਾਲਾਨਾ ਖੇਡ ਸਮਾਰੋਹ ‘ਚ ਬੈਲਗੱਡੀ ਦੌੜ ਸਭ ਤੋਂ ਵੱਡਾ ਖਿੱਚ ਦਾ ਕੇਂਦਰ ਰਹੀ ਹੈ। ਕਿਲਾ ਰਾਏਪੁਰ ਦੀਆਂ ਖੇਡਾਂ ਨੂੰ ਰੂਰਲ ਓਲੰਪਿਕ ਗੇਮਜ਼ ਦਾ ਦਰਜਾ ਦਿੱਤਾ ਜਾਂਦਾ ਹੈ। ਇਸ ਓਲੰਪਿਕ ‘ਚ ਬੈਲਗੱਡੀ ਦੌੜ ਨਾ ਹੋਣ ਨਾਲ ਨਿਰਾਸ਼ਾ ਦਾ ਮਾਹੌਲ ਸੀ ਪਰ ਹੁਣ ਦਰਸ਼ਕ ਪੂਰਾ ਆਨੰਦ ਲੈ ਸਕਣਗੇ। ਐਸੋਸੀਏਸ਼ਨ ਵਲੋਂ ਇਸ ਗੱਲ ਨੂੰ ਯਕੀਨੀ ਕੀਤਾ ਕਿ ਖੇਡ ਸਮਾਰੋਹ ਦੌਰਾਨ ਪਸ਼ੂਆਂ ਦੇ ਉਤਪੀੜਨ ’ਤੇ ਪੂਰੀ ਤਰ੍ਹਾਂ ਅੰਕੁਸ਼ ਲਗਾਇਆ ਜਾਵੇਗਾ। ਕਿਲਾ ਰਾਏਪੁਰ ‘ਚ ਬੈਲਗੱਡੀ ਦੌੜ ਤੋਂ ਇਲਾਵਾ ਦਰਸ਼ਕ ਕੁੱਤਿਆਂ ਅਤੇ ਘੋੜਿਆਂ ਦੀ ਦੌੜ ਦਾ ਵੀ ਆਨੰਦ ਲੈ ਸਕਣਗੇ।