ਲੁਧਿਆਣਾ : ਪੀ ਏ ਯੂ ਵਿਚ ਮਜ਼ਦੂਰ ਦਿਵਸ ਮੌਕੇ ਇਕ ਸਾਦਾ ਪਰ ਪ੍ਰਭਾਵਸ਼ਾਲੀ ਸਮਾਗਮ ਕੀਤਾ ਗਿਆ। ਇਸ ਵਿਚ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ ਸਤਿਬੀਰ ਸਿੰਘ ਗੋਸਲ ਨੇ ਕਿਰਤ ਦੇ ਮਹੱਤਵ ਨੂੰ ਉਜਾਗਰ ਕਰਦਾ ਝੰਡਾ ਲਹਿਰਾਇਆ। ਡਾ ਗੋਸਲ ਨੇ ਇਸ ਮੌਕੇ ਕਿਹਾ ਕਿ ਇਹ ਦਿਨ ਸਾਨੂੰ ਮਿਹਨਤੀ ਲੋਕਾਂ ਵਲੋਂ ਕੀਤੀ ਸਿਰਜਣਾ ਤੇ ਦੁਨੀਆਂ ਨੂੰ ਬਿਹਤਰੀਨ ਬਣਾਉਣ ਲਈ ਪਾਏ ਯੋਗਦਾਨ ਵਜੋਂ ਜਾਣਿਆ ਜਾਂਦਾ ਹੈ।

ਉਨ੍ਹਾਂ ਕਿਹਾ ਕਿ ਕਿਸੇ ਸੰਸਥਾ ਦੀ ਸਫਲਤਾ ਵਿਚ ਮਜ਼ਦੂਰਾਂ ਦਾ ਬੜਾ ਅਭਿੰਨ ਯੋਗਦਾਨ ਹੁੰਦਾ ਹੈ। ਪੀ ਏ ਯੂ ਦੀ ਕਾਮਯਾਬੀ ਵਿਚ ਸਾਰੇ ਕਰਮਚਾਰੀਆਂ ਅਤੇ ਮਜ਼ਦੂਰਾਂ ਨੇ ਭਰਵਾਂ ਯੋਗਦਾਨ ਪਾਇਆ ਹੈ। ਕੁਝ ਸਾਲ ਪਹਿਲਾਂ ਯੂਨੀਵਰਸਿਟੀ ਨੂੰ ਰਾਸ਼ਟਰੀ ਪੱਧਰ ਤੇ ਸਭ ਤੋਂ ਸਾਫ ਸੁਥਰੇ ਅਤੇ ਹਰੇ ਭਰੇ ਕੈਂਪਸ ਦਾ ਐਵਾਰਡ ਮਿਲਿਆ ਸੀ। ਇਸਦਾ ਸਿਹਰਾ ਵੀ ਮਜ਼ਦੂਰਾਂ ਦੇ ਸਿਰ ਬੱਝਦਾ ਹੈ। ਇਸ ਮੌਕੇ ਯੂਨੀਵਰਸਿਟੀ ਦੇ ਤਮਾਮ ਸੁਰੱਖਿਆ ਅਧਿਕਾਰੀ, ਖੇਤ ਮਜ਼ਦੂਰ ਤੇ ਸਫ਼ਾਈ ਸੇਵਕ ਮੌਜੂਦ ਰਹੇ।