ਲੁਧਿਆਣਾ : ਕੈਬਿਨਟ ਮੰਤਰੀ ਪੰਜਾਬ ਲਾਲਜੀਤ ਸਿੰਘ ਭੁੱਲਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਡਾਇਰੈਕਟਰ ਡੇਅਰੀ ਵਿਕਾਸ ਵਿਭਾਗ ਕੁਲਦੀਪ ਸਿੰਘ ਜਸੋਵਾਲ ਦੀ ਯੋਗ ਅਗਵਾਈ ਹੇਠ ਡੇਅਰੀ ਵਿਕਾਸ ਵਿਭਾਗ ਵਲੋਂ ਸਿੱਖਿਆਰਥੀਆਂ ਲਈ ਚਲਾਈ ਜਾ ਰਹੀ 2 ਹਫਤੇ ਦੀ ਡੇਅਰੀ ਸਿਖਲਾਈ ਸਮਾਪਤ ਹੋਣ ‘ਤੇ ਸਿਖਿਆਰਥੀਆਂ ਨੂੰ ਡੇਅਰੀ ਸਿਖਲਾਈ ਅਤੇ ਵਿਸਥਾਰ ਕੇਂਦਰ ਬੀਜਾ ਵਿਖੇ ਸਰਟੀਫਿਕੇਟਾਂ ਦੀ ਵੰਡ ਡਿਪਟੀ ਡਾਇਰੈਕਟਰ ਡੇਅਰੀ ਲੁਧਿਆਣਾ ਸ੍ਰੀ ਦਲਬੀਰ ਕੁਮਾਰ ਵਲੋਂ ਕੀਤੀ ਗਈ।
ਇਸ ਮੌਕੇ ਭਾਗ ਲੈਣ ਵਾਲੇ ਸਿਖਿਆਰਥੀਆਂ ਨੂੰ ਡਿਪਟੀ ਡਾਇਰੈਕਟਰ ਡੇਅਰੀ ਨੇ ਵੱਧ ਤੋਂ ਵੱਧ ਵਿਭਾਗੀ ਸਕੀਮਾਂ ਦਾ ਲਾਹਾ ਲੈਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਦੱਸਿਆ ਕਿ ਜਨਰਲ ਜਾਤੀ ਨੂੰ 25 ਪ੍ਰਤੀਸਤ ਅਤੇ ਅਨੁਸੂਚਿਤ ਜਾਤੀ ਦੇ ਸਿਖਿਆਰਥੀ ਨੂੰ 33 ਪ੍ਰਤੀਸਤ ਸਬਸਿਡੀ ਦਿਵਾਈ ਜਾਵੇਗੀ। ਉਨ੍ਹਾਂ ਇਲਾਕੇ ਦੇ ਬੇਰੋਜਗਾਰ ਮੁੰਡੇ ਕੁੜੀਆਂ ਨੂੰ ਡੇਅਰੀ ਵਿਕਾਸ ਵਿਭਾਗ ਵਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਦਾ ਵੱਧ ਤੋਂ ਵਧ ਲਾਹਾ ਲੈਣ ਲਈ ਅਪੀਲ ਕੀਤੀ।
ਉਨ੍ਹਾਂ ਅੱਗੇ ਦੱਸਿਆ ਕਿ ਦੁੱਧ ਖਪਤਕਾਰਾਂ ਨੂੰ ਜਾਗਰੂਕ ਕਰਨ ਲਈ ਵਿਭਾਗ ਵਲੋਂ ਸ਼ਹਿਰਾਂ ਵਿੱਚ ਮੋਬਾਇਲ ਵੈਨ ਰਾਹੀ ਕੈਂਪ ਲਗਾਏ ਜਾ ਰਹੇ ਹਨ ਅਤੇ ਦੁੱਧ ਉਤਪਾਦਕਾਂ ਨੂੰ ਜਾਗਰੂਕ ਕਰਨ ਲਈ ਵਿਭਾਗ ਵਲੋਂ ਪਿੰਡਾਂ ਵਿੱਚ ਇਕ ਦਿਨਾਂ ਕੈਂਪ ਲਗਾਏ ਜਾ ਰਹੇ ਹਨ।