ਲੁਧਿਆਣਾ : ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਨੇ ਹਾਲ ਹੀ ਵਿੱਚ ਪੰਜਾਬ ਐਨਰਜੀ ਡਿਵੈਲਪਮੈਂਟ ਏਜੰਸੀ, ਪੰਜਾਬ ਦੀ ਇੱਕ ਰਾਜ ਏਜੰਸੀ ਦੁਆਰਾ ਆਯੋਜਿਤ ਰਾਜ ਊਰਜਾ ਸੰਭਾਲ ਐਵਾਰਡਾਂ ਵਿੱਚ ਊਰਜਾ ਦੀ ਸੰਭਾਲ ਕਰਨ ਵਾਲੀਆਂ ਵਪਾਰਕ ਇਮਾਰਤਾਂ ਦੀ ਸ਼੍ਰੇਣੀ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ। ਇਸ ਵਰਗ ਵਿੱਚ ਵਿੱਦਿਅਕ ਸੰਸਥਾਵਾਂ ਦੇ ਨਾਲ ਹੀ ਸਰਕਾਰੀ ਅਤੇ ਨਿੱਜੀ ਇਮਾਰਤਾਂ ਸ਼ਾਮਲ ਹਨ।

ਇਹ ਸਨਮਾਨ ਸਾਲ 2020-21 ਅਤੇ 2021-22 ਦੌਰਾਨ ਊਰਜਾ ਸੰਭਾਲ ਦੇ ਖੇਤਰ ਵਿੱਚ ਕੀਤੇ ਗਏ ਯਤਨਾਂ ਲਈ ਦਿੱਤਾ ਗਿਆ ਹੈ। ਪੁਰਸਕਾਰ ਵਿੱਚ ਇੱਕ ਸਨਮਾਨ ਚਿੰਨ੍ਹ, ਇੱਕ ਪ੍ਰਮਾਣ ਪੱਤਰ ਅਤੇ 50000 ਰੁਪਏ ਦੀ ਨਕਦ ਰਾਸ਼ੀ ਸ਼ਾਮਿਲ ਹੈ। ਪੀਏਯੂ ਦੇ ਵਾਈਸ-ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਇਸ ਸ਼ਲਾਘਾਯੋਗ ਕਾਰਨਾਮੇ ਲਈ ਪੀਏਯੂ ਭਾਈਚਾਰੇ ਨੂੰ ਵਧਾਈ ।

ਊਰਜਾ ਸੰਭਾਲ ਵਿੱਚ ਪੀਏਯੂ ਦੀਆਂ ਪਹਿਲਕਦਮੀਆਂ ਦੇ ਵੇਰਵਿਆਂ ਦਾ ਹਵਾਲਾ ਦਿੰਦੇ ਹੋਏ, ਇੰਜ. ਗੁਰਨੀਤ ਸਿੰਘ ਨੇ ਦੱਸਿਆ ਕਿ ਪੀਏਯੂ ਊਰਜਾ-ਕੁਸ਼ਲ ਬਣਨ ਲਈ ਲਗਾਤਾਰ ਯਤਨਸ਼ੀਲ ਹੈ ਅਤੇ ਇਸ ਨੇ ਸਾਲਾਨਾ ਸੂਰਜੀ ਊਰਜਾ ਰਾਹੀਂ ਲਗਭਗ 50 ਲੱਖ ਰੁਪਏ ਦੀ ਬੱਚਤ ਕੀਤੀ ਹੈ। ਸਮੁੱਚੀ ਬੱਚਤ ਲਗਭਗ 70 ਲੱਖ ਰੁਪਏ ਪ੍ਰਤੀ ਸਾਲ ਹੈ ਜਿਸ ਵਿੱਚ ਹੋਰ ਵਾਤਾਵਰਣ ਪ੍ਰਤੀ ਚੇਤੰਨ ਯਤਨ ਸ਼ਾਮਲ ਹਨ।