ਲੁਧਿਆਣਾ : ਪੀ ਏ ਯੂ ਦੇ ਦਾਲਾਂ ਦੇ ਪ੍ਰਸਿੱਧ ਮਾਹਿਰ ਡਾ. ਇੰਦਰਜੀਤ ਸਿੰਘ ਨੂੰ ਯੂਨੀਵਰਸਿਟੀ ਵੱਲੋਂ ਪ੍ਰੋ. ਮਨਜੀਤ ਐਸ. ਛੀਨਣ ਡਿਸਟਿੰਗੂਇਸਡ ਪ੍ਰੋਫੈਸਰ ਚੇਅਰ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ| ਇਹ ਐਵਾਰਡ ਚਾਰ ਸਾਲਾਂ ਦੀ ਮਿਆਦ ਲਈ ਕੀਤੇ ਕੰਮ ਦੇ ਅਧਾਰ ਤੇ ਦਿੱਤਾ ਜਾਂਦਾ ਹੈ | ਡਾ. ਇੰਦਰਜੀਤ ਸਿੰਘ ਕੋਲ ਦਾਲਾਂ ਦੀ ਬਰੀਡਿੰਗ ‘ਤੇ ਕੰਮ ਕਰਨ ਦਾ 27 ਸਾਲਾਂ ਤੋਂ ਵੱਧ ਦਾ ਤਜਰਬਾ ਹੈ ਅਤੇ ਉਨ੍ਹਾਂ ਨੇ ਦਾਲਾਂ ਦੀਆਂ ਫਸਲਾਂ ਦੀਆਂ ਸੁਧਰੀਆਂ ਕਿਸਮਾਂ ਨੂੰ ਵਿਕਸਤ ਕਰਨ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ ਹੈ|

ਡਾ. ਇੰਦਰਜੀਤ ਸਿੰਘ 27 ਕਿਸਮਾਂ ਦੇ ਵਿਕਾਸ ਅਤੇ ਜਾਰੀ ਕਰਨ ਅਤੇ ਵੱਖ-ਵੱਖ ਦਾਲਾਂ ਦੀਆਂ ਫਸਲਾਂ ਦੀਆਂ 4 ਕਿਸਮਾਂ ਦੇ ਪਰੀਖਣ ਅਤੇ ਜਾਰੀ ਕਰਨ ਦੇ ਨਾਲ-ਨਾਲ ਛੋਲਿਆਂ ਦੇ ਦੋ ਜੈਨੇਟਿਕ ਸਟਾਕਾਂ ਦੇ ਵਿਕਾਸ ਅਤੇ ਪੰਜੀਕਰਨ ਵਿੱਚ ਵੀ ਨਾਲ ਜੁੜੇ ਹੋਏ ਹਨ| ਡਾ. ਸਿੰਘ ਨੇ ਪ੍ਰਸਿੱਧ ਵੱਖ-ਵੱਖ ਰਸਾਲਿਆਂ ਵਿੱਚ 128 ਤੋਂ ਵੱਧ ਖੋਜ ਪੱਤਰ, 1 ਸਮੀਖਿਆ ਲੇਖ, 9 ਪੁਸਤਕ ਅਧਿਆਇ, 4 ਪੂਰੇ ਪੇਪਰ, 58 ਐਬਸਟਰੈਕਟ ਅਤੇ 60 ਪ੍ਰਸਿੱਧ ਲੇਖ ਪ੍ਰਕਾਸ਼ਿਤ ਕੀਤੇ ਹਨ|