ਪੰਜਾਬੀ
ਅਧਿਆਪਕਾਂ ਨੂੰ ਗ਼ੈਰ-ਅਧਿਆਪਨ ਜ਼ਿੰਮੇਵਾਰੀਆਂ ਤੋਂ ਜਲਦ ਹੀ ਕੀਤਾ ਜਾਵੇਗਾ ਮੁਕਤ : ਮੀਤ ਹੇਅਰ
Published
3 years agoon

ਲੁਧਿਆਣਾ : ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸੂਬੇ ਦੇ ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆ ਪ੍ਰਦਾਨ ਕਰਨ ਦੀ ਕੀਤੀ ਵਚਨਬੱਧਤਾ ਤਹਿਤ ਵਾਸ਼ਿੰਗਟਨ ਡੀ. ਸੀ. ਦੇ ਖੇਤਰੀ ਅੰਗਰੇਜ਼ੀ ਭਾਸ਼ਾ ਦਫ਼ਤਰ (ਰੇਲੋ) ਵੱਲੋਂ ਅੰਗਰੇਜ਼ੀ ਅਧਿਆਪਕਾਂ ਲਈ ਇਕ ਰੋਜ਼ਾ ਵਰਕਸ਼ਾਪ ਲਗਾਈ ਗਈ। ਇਹ ਵਰਕਸ਼ਾਪ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਵਿਖੇ ਪੰਜਾਬ ਸਰਕਾਰ ਦੇ ਸਕੂਲ ਸਿੱਖਿਆ ਵਿਭਾਗ ਦੇ ਸਹਿਯੋਗ ਨਾਲ ਕਰਵਾਈ ਗਈ।
ਇਸ ਵਰਕਸ਼ਾਪ ’ਚ ਪੰਜਾਬ ਭਰ ਤੋਂ 320 ਅੰਗਰੇਜ਼ੀ, ਸਮਾਜਿਕ ਸਿੱਖਿਆ ਦੇ ਅਧਿਆਪਕਾਂ ਨੇ ਸਰਗਰਮੀ ਨਾਲ ਹਿੱਸਾ ਲਿਆ। ਸਿਖਲਾਈ ਸੈਸ਼ਨ ’ਚ ਸਿੱਖਿਆ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ, ਡਾਇਰੈਕਟਰ ਐਜੂਕੇਸ਼ਨ ਜੀ.ਐੱਨ.ਸੀ.ਟੀ. ਦਿੱਲੀ ਦੇ ਪ੍ਰਮੁੱਖ ਸਲਾਹਕਾਰ ਸ਼ੈਲੇਂਦਰ ਸ਼ਰਮਾ, ਦਿੱਲੀ ਦੇ ਉਪ ਮੁੱਖ ਮੰਤਰੀ ਅਤੇ ਸਿੱਖਿਆ ਮੰਤਰੀ ਦੇ ਓ.ਐੱਸ.ਡੀ. ਡਾ. ਪ੍ਰਵੀਨ ਚੌਧਰੀ, ਡਾਇਰੈਕਟਰ ਐੱਸ. ਸੀ. ਈ. ਆਰ. ਟੀ. ਡਾ. ਮਨਿੰਦਰ ਸਰਕਾਰੀਆ, ਸਹਾਇਕ ਡਾਇਰੈਕਟਰ ਰਾਜੇਸ਼ ਭਾਰਦਵਾਜ, ਸਹਾਇਕ ਡਾਇਰੈਕਟਰ ਗੁਰਜੀਤ ਸਿੰਘ, ਸਟੇਟ ਰਿਸੋਰਸ ਪਰਸਨ ਚੰਦਰ ਸ਼ੇਖਰ ਉਚੇਚੇ ਤੌਰ ’ਤੇ ਸ਼ਾਮਲ ਹੋਏ।
ਖੇਤਰੀ ਅੰਗਰੇਜ਼ੀ ਭਾਸ਼ਾ ਦਫਤਰ, ਅਮੇਰਿਕਨ ਅੰਬੈਸੀ ਵਿਖੇ ਖੇਤਰੀ ਅੰਗਰੇਜ਼ੀ ਭਾਸ਼ਾ ਅਫਸਰ ਰੂਥ ਗੂਡੇ ਨੇ ਵਰਕਸ਼ਾਪ ਨੂੰ ਸੰਬੋਧਨ ਕਰਦਿਆਂ ਭਾਸ਼ਾਈ ਕਲਾਸ ਰੂਮਾਂ ’ਚ ਅੰਗਰੇਜ਼ੀ ਦੀ ਵਰਤੋਂ ਦੇ ਮਹੱਤਵ ’ਤੇ ਧਿਆਨ ਕੇਂਦ੍ਰਿਤ ਕਰਕੇ ਅਧਿਆਪਕਾਂ ਨਾਲ ਆਪਣੇ ਜੀਵਨ ਦੇ ਪ੍ਰੇਰਣਾਦਾਇਕ ਤੇ ਆਲਮੀ ਅਨੁਭਵ ਸਾਂਝੇ ਕੀਤੇ। ਸਿੱਖਿਆ ਮੰਤਰੀ ਮੀਤ ਹੇਅਰ ਨੇ ਅਧਿਆਪਕਾਂ ਨੂੰ ਉਨ੍ਹਾਂ ਦੇ ਸਬੰਧਤ ਸਕੂਲਾਂ ’ਚ ਪੇਸ਼ ਆ ਰਹੀਆਂ ਗੰਭੀਰ ਸਮੱਸਿਆਵਾਂ ਬੜੇ ਗਹੁ ਨਾਲ ਸੁਣੀਆਂ ਅਤੇ ਆਉਣ ਵਾਲੇ ਸਮੇਂ ’ਚ ਉਨ੍ਹਾਂ ਦੇ ਫੌਰੀ ਹੱਲ ਕਰਨ ਦਾ ਭਰੋਸਾ ਦਿੱਤਾ।