ਲੁਧਿਆਣਾ : ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਪੰਜਵੀਂ ਜਮਾਤ ਦੀ ਪ੍ਰੀਖਿਆ ਦੇ ਨਤੀਜੇ ਦਾ ਐਲਾਨ ਕਰ ਦਿੱਤਾ ਗਿਆ ਹੈ। ਸਿਲਵਰ ਵਾਟਿਕਾ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਧਰਮਪੁਰਾ ਜ਼ਿਲ੍ਹਾ ਮਾਨਸਾ ਦੀ ਵਿਦਿਆਰਥਣ ਸੁਖਮਨ ਕੌਰ ਪੁੱਤਰੀ ਰਣਜੀਤ ਸਿੰਘ ਨੇ ਸੌ ਫ਼ੀਸਦੀ ਅੰਕ ਹਾਸਲ ਕਰਕੇ ਪੰਜਾਬ ਭਰ ਵਿਚੋਂ ਪਹਿਲਾ ਸਥਾਨ ਹਾਸਲ ਕੀਤਾ ਹੈ।
ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਡਾ. ਯੋਗਰਾਜ ਸ਼ਰਮਾ ਨੇ ਦੱਸਿਆ ਕਿ ਇਸ ਵਾਰ ਕੁੱਲ 319086 ਪ੍ਰੀਖਿਆਰਥੀ ਇਸ ਪ੍ਰੀਖਿਆ ਵਿਚ ਬੈਠੇ ਸਨ ਜਿਨ੍ਹਾਂ ’ਚੋਂ 317728 ਪ੍ਰੀਖਿਆਰਥੀ ਪਾਸ ਹੋਏ।ਉਨ੍ਹਾਂ ਦੱਸਿਆ ਕਿ ਸਰਕਾਰੀ ਪ੍ਰਾਇਮਰੀ ਸਕੂਲ ਡੱਲਾ ਜ਼ਿਲ੍ਹਾ ਕਪੂਰਥਲਾ ਦੇ ਰਾਜਬੀਰ ਸਿੰਘ ਮੋਮੀ ਪੁੱਤਰ ਲਖਬੀਰ ਕੁਮਾਰ ਨੇ ਪੰਜਾਬ ਭਰ ਵਿਚੋਂ ਦੂਜਾ ਅਤੇ ਸਹਿਜਪ੍ਰੀਤ ਕੌਰ ਉੱਤਰੀ ਮੱਘਰ ਸਿੰਘ ਸਰਕਾਰੀ ਪ੍ਰਾਇਮਰੀ ਸਕੂਲ ਡੱਲਾ ਜ਼ਿਲ੍ਹਾ ਕਪੂਰਥਲਾ ਨੂੰ ਪੰਜਾਬ ਭਰ ਵਿਚੋਂ ਤੀਜਾ ਸਥਾਨ ਪ੍ਰਾਪਤ ਹੋਇਆ ਹੈ।
ਉਨ੍ਹਾਂ ਦੱਸਿਆ ਕਿ ਐਫੀਲੀਏਟਿਡ ਸਕੂਲਾਂ ਦੇ ਪ੍ਰੀਖਿਆਰਥੀਆਂ ਦੀ ਗਿਣਤੀ 70631 ਸੀ ਜਿਨ੍ਹਾਂ ਵਿਚੋਂ 99.73 ਫ਼ੀਸਦੀ ਦੀ ਦਰ ਨਾਲ 70442 ਪਾਸ ਹੋਏ। ਐਸੋਸੀਏਟਿਡ ਸਕੂਲਾਂ ਦੇ 23232 ਵਿਚੋਂ 23123 ਪਾਸ ਹੋਣ ਵਿਚ ਕਾਮਯਾਬ ਰਹੇ ਅਤੇ ਇਨ੍ਹਾਂ ਦੀ ਪਾਸ ਪ੍ਰਤੀਸ਼ਤਤਾ 99.53 ਫ਼ੀਸਦੀ ਰਹੀ।
ਸਰਕਾਰੀ ਸਕੂਲਾਂ ਦੇ ਪ੍ਰੀਖਿਆਰਥੀਆਂ ਦੀ ਕੁੱਲ ਗਿਣਤੀ 213432 ਸੀ ਜਿਸ ਵਿਚੋਂ 99.55 ਫ਼ੀਸਦੀ ਦੀ ਦਰ ਨਾਲ 212481 ਪ੍ਰੀਖਿਆਰਥੀ ਪਾਸ ਹੋਏ। ਏਡਿਡ ਸਕੂਲਾਂ ਦੇ ਕੁੱਲ 11791 ਪ੍ਰੀਖਿਆਰਥੀ ਇਸ ਪ੍ਰੀਖਿਆ ਵਿਚ ਬੈਠੇ ਜਿਨ੍ਹਾਂ ਵਿਚੋਂ 99.08 ਫੀਸਦ ਦੀ ਦਰ ਨਾਲ 11682 ਪ੍ਰੀਖਿਆਰਥੀ ਪਾਸ ਹੋਏ। ਚੇਅਰਮੈਨ ਨੇ ਦੱਸਿਆ ਕਿ ਇਸ ਪ੍ਰੀਖਿਆ ਦਾ ਨਤੀਜਾ ਅੱਜ 7 ਮਈ ਨੂੰ ਸਵੇਰੇ 10 ਵਜੇ ਸਿੱਖਿਆ ਬੋਰਡ ਦੀ ਵੈੱਬਸਾਈਟ ਉਤੇ ਪਾ ਦਿੱਤਾ ਜਾਵੇਗਾ ।