ਪੰਜਾਬੀ
ਵਿਧਾਇਕ ਬੱਸੀ ਨੇ ਲੋਕਾਂ ਦੀ ਆਵਾਜਾਈ ਲਈ ਪੱਖੋਵਾਲ ਰੋਡ ਰੇਲ ਅੰਡਰ ਪਾਸ ਦਾ ਕੀਤਾ ਉਦਘਾਟਨ
Published
3 years agoon

ਲੁਧਿਆਣਾ : ਹਲਕਾ ਲੁਧਿਆਣਾ ਪੱਛਮੀ ਤੋਂ ਵਿਧਾਇਕ ਸ੍ਰੀ ਗੁਰਪ੍ਰੀਤ ਬੱਸੀ ਗੋਗੀ ਵੱਲੋਂ ਲੋਕਾਂ ਦੀ ਆਵਾਜਾਈ ਲਈ ਪੱਖੋਵਾਲ ਰੋਡ ਰੇਲ ਅੰਡਰ ਪਾਸ (ਆਰ.ਯੂ.ਬੀ.) ਦੇ ਇੱਕ ਪਾਸੇ ਦਾ ਉਦਘਾਟਨ ਕਰਦਿਆਂ ਕਿਹਾ ਕਿ ਇਸ ਅੰਡਰ ਪਾਸ ਨਾਲ ਇਲਾਕੇ ਦੇ ਲੱਖਾਂ ਨਿਵਾਸੀਆਂ ਨੂੰ ਫਾਇਦਾ ਹੋਵੇਗਾ। ਉਨ੍ਹਾਂ ਕਿਹਾ ਕਿ ਪੱਖੋਵਾਲ ਰੋਡ ਰੇਲਵੇ ਓਵਰ ਬ੍ਰਿਜ (ਆਰ.ਓ.ਬੀ.) ਦੇ ਚੱਲ ਰਹੇ ਨਿਰਮਾਣ ਕਾਰਨ ਇਲਾਕੇ ਵਿਚ ਆਵਾਜਾਈ ਦੀ ਸਮੱਸਿਆ ਸੀ ਪਰ ਹੁਣ ਅੰਡਰ ਪਾਸ ਦੇ ਖੁੱਲਣ ਨਾਲ ਰਾਹਗੀਰਾਂ ਨੂੰ ਕਾਫੀ ਰਾਹਤ ਮਿਲੇਗੀ।
ਵਿਧਾਇਕ ਸ੍ਰੀ ਗੋਗੀ ਨੇ ਦੱਸਿਆ ਕਿ ਅੱਜ ਜਦੋਂ ਉਹ ਘਟਨਾ ਸਥਾਨ ਦਾ ਮੁਆਇਨਾ ਕਰਨ ਗਏ ਤਾਂ ਉਨ੍ਹਾਂ ਦੇਖਿਆ ਕਿ ਰੇਲਵੇ ਅੰਡਰ ਪਾਸ ਲਗਭਗ ਮੁਕੰਮਲ ਹੋ ਚੁੱਕਾ ਹੈ ਜਿਸ ਕਰਕੇ ਉਨ੍ਹਾਂ ਤੁਰੰਤ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਇਸ ਨੂੰ ਗੱਡੀਆਂ ਦੀ ਆਵਾਜਾਈ ਲਈ ਖੋਲ ਦਿੱਤਾ ਜਾਵੇ ਤਾਂ ਜੋ ਲੋਕਾਂ ਨੂੰ ਟ੍ਰੈਫਿਕ ਜਾਮ ਤੋਂ ਨਿਜਾਤ ਮਿਲ ਸਕੇ। ਸ੍ਰੀ ਗੋਗੀ ਨੇ ਦੱਸਿਆ ਕਿ ਉਨ੍ਹਾਂ ‘ਅਧਿਕਾਰੀਆਂ ਨੂੰ ਸਪੱਸ਼ਟ ਤੌਰ ‘ਤੇ ਕਿਹਾ ਕਿ ਮੈਂ ਨਹੀਂ ਚਾਹੁੰਦਾ ਕਿ ਉਹ ਕੋਈ ਵਿਸ਼ੇਸ਼ ਉਦਘਾਟਨ ਸਮਾਰੋਹ ਆਯੋਜਿਤ ਕਰਨ, ਇਸ ਅੰਡਰ ਪਾਸ ਨੂੰ ਤੁਰੰਤ ਖੋਲਿਆ ਜਾਵੇ’।
ਵਿਧਾਇਕ ਸ੍ਰੀ ਗੋਗੀ ਨੇ ਦੱਸਿਆ ਕਿ ਇਹ ਰਸਤਾ ਆਵਾਜਾਈ ਲਈ ਬਿਲਕੁੱਲ ਤਿਆਰ ਹੈ ਅਤੇ ਪੱਖੋਵਾਲ ਰੋਡ ਵਾਲੇ ਪਾਸੇ ਤੋਂ ਸਰਾਭਾ ਨਗਰ ਵੱਲੋ ਆਉਣ-ਜਾਣ ਵਾਲੇ ਯਾਤਰੀ ਇਸ ਸੜਕ ਦੀ ਵਰਤੋਂ ਕਰ ਸਕਦੇ ਹਨ। ਇਸ ਦੌਰਾਨ ਪੁਲ ਦੇ ਕੁਝ ਰਹਿੰਦੇ ਕੰਮਾਂ ਨੂੰ ਨਾਲ-ਨਾਲ ਨੇਪਰੇ ਚਾੜ੍ਹਿਆ ਜਾਵੇਗਾ।
ਇਸ ਤੋਂ ਪਹਿਲਾਂ ਉਨ੍ਹਾਂ ਨਗਰ ਨਿਗਮ ਦੇ ਅਧਿਕਾਰੀਆਂ ਨਾਲ ਮੀਟਿੰਗ ਦੀ ਪ੍ਰਧਾਨਗੀ ਕੀਤੀ, ਜਿੱਥੇ ਉਨ੍ਹਾਂ ਲੁਧਿਆਣਾ ਸਮਾਰਟ ਸਿਟੀ ਮਿਸ਼ਨ ਤਹਿਤ ਚੱਲ ਰਹੇ ਪ੍ਰੋਜੈਕਟਾਂ ਦੀ ਸਥਿਤੀ ਬਾਰੇ ਚਰਚਾ ਕੀਤੀ। ਉਨ੍ਹਾਂ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਮਲਹਾਰ ਰੋਡ ਦੇ ਡਿਜ਼ਾਈਨ ਦਾ ਮੁੜ ਅਧਿਐਨ ਕਰਨ ਦੇ ਨਿਰਦੇਸ਼ ਦਿੱਤੇ ਤਾਂ ਜੋ ਰਹਿੰਦੀਆਂ ਖਾਮੀਆਂ ਨੂੰ ਦੂਰ ਕਰਦਿਆਂ ਸੜਕ ਨੂੰ ਹੋਰ ਖੁੱਲਾ ਕੀਤਾ ਜਾ ਸਕੇ।
ਉਨ੍ਹਾਂ ਸਰਾਭਾ ਨਗਰ ਮੇਨ ਬਜ਼ਾਰ ਦਾ ਵੀ ਦੌਰਾ ਕੀਤਾ ਅਤੇ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਮੌਜੂਦਾ ਖਾਮੀਆਂ ਨੂੰ ਦੂਰ ਕਰਨ ਦੇ ਨਿਰਦੇਸ਼ ਦਿੱਤੇ ਤਾਂ ਜੋ ਪਾਰਕਿੰਗ ਵਾਲੀ ਜਗ੍ਹਾ ਨੂੰ ਹੋਰ ਵਧਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਮਾਰਕੀਟ ਵਿੱਚ ਮੌਜੂਦ ਫੁਹਾਰੇ ਨੂੰ ਨੇੜਲੇ ਪਾਰਕ ਵਿੱਚ ਤਬਦੀਲ ਕਰ ਦਿੱਤਾ ਜਾਵੇਗਾ ਅਤੇ ਉਸ ਥਾਂ ਦੀ ਵਰਤੋਂ ਵਾਹਨਾਂ ਦੀ ਪਾਰਕਿੰਗ ਲਈ ਕੀਤੀ ਜਾਵੇਗੀ।