ਲੁਧਿਆਣਾ : ਲੋਹਾ, ਸਟੀਲ ਤੇ ਇਸਪਾਤ ਦੀਆਂ ਕੀਮਤਾਂ ‘ਚ ਲਗਾਤਾਰ ਹੋ ਰਹੇ ਵਾਧੇ ਕਾਰਨ ਉਦਯੋਗਪਤੀਆਂ ‘ਚ ਭਾਰੀ ਗੁੱਸੇ ਦੀ ਲਹਿਰ ਫੈਲ ਗਈ ਹੈ। ਉਨ੍ਹਾਂ ਨੇ ਦੱਸਿਆ ਕਿ ਪਿਛਲੇ ਇਕ ਮਹੀਨੇ ‘ਚ ਹੀ ਲੋਹੇ ਦੇ ਰੇਟ 8 ਤੋਂ 10 ਰੁਪਏ ਤੱਕ ਵਧ ਚੁੱਕੇ ਹਨ ਤੇ ਹਰ ਦਿਨ ਵਾਧੇ ਦੀ ਰਫ਼ਤਾਰ ਲਗਾਤਾਰ ਜਾਰੀ ਹੈ।
ਜਸਪਾਲ ਬਾਂਗਰ ਇੰਡਸਟਰੀਅਲ ਐਸੋਸੀਏਸ਼ਨ ਦੇ ਪ੍ਰਧਾਨ ਰਮੇਸ਼ ਕੱਕੜ ਤੇ ਜਨਰਲ ਸਕੱਤਰ ਰਮੇਸ਼ ਗੁਪਤਾ ਸਮੇਤ ਬਹੁਤ ਸਾਰੇ ਮੈਂਬਰਾਂ ਨੇ ਦੱਸਿਆ ਕਿ ਬਿਨ੍ਹਾਂ ਕਿਸੇ ਕਾਰਨ ਸਟੀਲ ਕੰਪਨੀਆਂ ਵਲੋਂ ਰੇਟਾਂ ‘ਚ ਵਾਧਾ ਕੀਤਾ ਜਾ ਰਿਹਾ ਹੈ। ਉਨ੍ਹਾਂ ਸਟੀਲ ਮੰਤਰੀ ਤੇ ਪ੍ਰਧਾਨ ਮੰਤਰੀ ਨੂੰ ਅਪੀਲ ਕੀਤੀ ਹੈ ਕਿ ਇੱਥੋਂ ਦੇ ਉਦਯੋਗਾਂ ਨੂੰ ਦੇਖਦੇ ਹੋਏ ਲੋਹੇ ਦੇ ਨਿਰਯਾਤ ‘ਤੇ ਪੂਰਨ ਤੌਰ ‘ਤੇ ਪਾਬੰਦੀ ਲਗਾਈ ਜਾਵੇ।
ਉਨ੍ਹਾਂ ਨਾਲ ਇਹ ਵੀ ਅਪੀਲ ਕੀਤੀ ਹੈ ਕਿ ਲੋਹੇ ਦੀਆਂ ਕੀਮਤਾਂ ਨੂੰ ਕੰਟਰੋਲ ਕਰਨ ਲਈ ਕਿਸੇ ਅਥਾਰਟੀ ਦੀ ਸਥਾਪਨਾ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਜਲਦ ਹੀ ਲੋਹੇ ਦੇ ਰੇਟ ਕੰਟਰੋਲ ਕਰਨ ਲਈ ਕੋਈ ਉਚਿਤ ਕਦਮ ਨਾ ਉਠਾਏ ਗਏ ਤਾਂ ਪੂਰੇ ਦਾ ਪੂਰਾ ਐਮ ਐਸ ਐਮ ਈ ਸੈਕਟਰ ਬਰਬਾਦ ਹੋ ਜਾਵੇਗਾ ਤੇ ਲੋਕ ਸੜਕਾਂ ‘ਤੇ ਆ ਕੇ ਧਰਨਾ ਪ੍ਰਦਰਸ਼ਨ ਕਰਨ ਲਈ ਮਜਬੂਰ ਹੋ ਜਾਣਗੇ।