Connect with us

ਪੰਜਾਬੀ

ਲੁਧਿਆਣਾ ‘ਚ 4 ਅਗਸਤ ਤੱਕ 9 ‘ਆਮ ਆਦਮੀ ਕਲੀਨਿਕ’ ਤਿਆਰ ਹੋ ਜਾਣਗੇ – ਲਾਲ ਚੰਦ ਕਟਾਰੂਚੱਕ

Published

on

9 'Aam Aadmi Clinics' will be ready in Ludhiana by August 4 - Lal Chand Kataruchak

ਲੁਧਿਆਣਾ : ਪੰਜਾਬ ਦੇ ਖੁਰਾਕ, ਸਿਵਲ ਸਪਲਾਈ, ਖ਼ਪਤਕਾਰ ਮਾਮਲੇ ਅਤੇ ਜੰਗਲਾਤ ਮੰਤਰੀ ਸ੍ਰੀ ਲਾਲ ਚੰਦ ਕਟਾਰੂਚੱਕ ਨੇ ਕਿਹਾ ਕਿ ਸੂਬੇ ਦੇ ਲੋਕਾਂ ਨੂੰ ਉਨ੍ਹਾਂ ਦੇ ਘਰ ਦੇ ਨੇੜੇ ਮੁਫ਼ਤ ਵਧੀਆ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਦੇ ਮੰਤਵ ਨਾਲ ਲੁਧਿਆਣਾ ਵਿੱਚ 4 ਅਗਸਤ, 2022 ਤੱਕ 9 ‘ਆਮ ਆਦਮੀ ਕਲੀਨਿਕ’ ਤਿਆਰ ਹੋ ਜਾਣਗੇ।

ਲੋਕ ਨਿਰਮਾਣ ਵਿਭਾਗ ਵੱਲੋਂ ਇਨ੍ਹਾਂ ਕਲੀਨਿਕਾਂ ਦੀਆਂ ਇਮਾਰਤਾਂ 4 ਅਗਸਤ ਨੂੰ ਸਿਵਲ ਵਰਕਸ ਮੁਕੰਮਲ ਹੋਣ ਤੋਂ ਬਾਅਦ ਸਿਹਤ ਵਿਭਾਗ ਨੂੰ ਸੌਂਪ ਦਿੱਤੀਆਂ ਜਾਣਗੀਆਂ। ਡਾਕਟਰਾਂ, ਫਾਰਮਾਸਿਸਟਾਂ ਅਤੇ ਦੋ ਹੋਰ ਸਹਾਇਕਾਂ ਦੀ ਨਿਯੁਕਤੀ ਵੀ ਅੰਤਿਮ ਪੜਾਅ ‘ਤੇ ਚੱਲ ਰਹੀ ਹੈ ਅਤੇ ਇਸ ਤੋਂ ਇਲਾਵਾ ਆਉਣ ਵਾਲੇ ਦਿਨਾਂ ਵਿੱਚ ਫਰਨੀਚਰ ਅਤੇ ਹੋਰ ਲੋੜੀਂਦਾ ਸਮਾਨ ਵੀ ਖਰੀਦਿਆ ਜਾਵੇਗਾ.

ਲੁਧਿਆਣਾ ਵਿੱਚ ਇਹ ਕਲੀਨਿਕ ਕਿਦਵਈ ਨਗਰ ਦੇ ਨਾਲ ਲੱਗਦੇ ਸੂਫੀਆਂ ਚੌਕ, ਨਗਰ ਨਿਗਮ ਦਫ਼ਤਰ ਮੈਟਰੋ ਰੋਡ, ਨਗਰ ਨਿਗਮ ਦਫ਼ਤਰ ਨੇੜੇ ਚਾਂਦ ਸਿਨੇਮਾ, ਬੀ.ਐਸ.ਯੂ.ਪੀ. ਫਲੈਟ ਦੇ ਨਾਲ ਢੰਡਾਰੀ ਕਲਾਂ, ਜੀ.ਕੇ. ਐਨਕਲੇਵ ਕੇਹਰ ਸਿੰਘ ਕਲੋਨੀ (ਖੰਨਾ), ਮਿਉਂਸਪਲ ਕਮੇਟੀ, ਬੱਸ ਸਟੈਂਡ (ਰਾਏਕੋਟ), ਟਰਾਂਸਪੋਰਟ ਨਗਰ, ਪੀ.ਐਸ.ਪੀ.ਸੀ.ਐਲ. ਦਫ਼ਤਰ ਦੀ ਇਮਾਰਤ ਫੋਕਲ ਪੁਆਇੰਟ ਅਤੇ ਪੁਰਾਣਾ ਹਸਪਤਾਲ ਰਾਏਕੋਟ ਰੋਡ, ਜਗਰਾਉਂ ਵਿਖੇ ਤਿਆਰ ਕਰਵਾਏ ਜਾ ਰਹੇ ਹਨ।

ਕੈਬਨਿਟ ਮੰਤਰੀ ਕਟਾਰੂਚੱਕ ਜਿਨ੍ਹਾਂ ਕੋਲ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਦਾ ਵਿਭਾਗ ਵੀ ਹੈ, ਨੇ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਮਾਨ 15 ਅਗਸਤ ਨੂੰ ਜ਼ਿਲ੍ਹੇ ਵਿੱਚ ਇਹ 9 ‘ਆਮ ਆਦਮੀ ਕਲੀਨਿਕ’ ਲੋਕਾਂ ਨੂੰ ਸਮਰਪਿਤ ਕਰਨਗੇ। ਉਨ੍ਹਾਂ ਚੱਲ ਰਹੇ ਕੰਮ ‘ਤੇ ਤਸੱਲੀ ਪ੍ਰਗਟਾਈ ਅਤੇ ਅਧਿਕਾਰੀਆਂ ਨੂੰ ਹੋਰ ਰਸਮੀ ਕਾਰਵਾਈਆਂ ਨੂੰ ਸਮੇਂ ਸਿਰ ਪੂਰਾ ਕਰਨ ਨੂੰ ਯਕੀਨੀ ਬਣਾਉਣ ਲਈ ਵੀ ਕਿਹਾ।

ਵਿਕਾਸ ਕਾਰਜਾਂ ਦੀ ਸਥਿਤੀ ਦਾ ਜਾਇਜ਼ਾ ਲੈਂਦਿਆਂ ਕੈਬਨਿਟ ਮੰਤਰੀ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ 7 ਲੱਖ ਬੂਟੇ ਅਤੇ 1610 ਤ੍ਰਿਵੇਣੀਆਂ ਲਗਾਈਆਂ ਜਾਣਗੀਆਂ, ਜਿਨ੍ਹਾਂ ਵਿੱਚੋਂ 1.60 ਲੱਖ ਬੂਟੇ ਅਤੇ 16 ਤ੍ਰਿਵੇਣੀਆਂ ਜੰਗਲਾਤ ਵਿਭਾਗ ਵੱਲੋਂ ਪਹਿਲਾਂ ਹੀ ਲਗਾਈਆਂ ਜਾ ਚੁੱਕੀਆਂ ਹਨ। ਕਟਾਰੂਚੱਕ ਜੋ ਕਿ ਲੁਧਿਆਣਾ ਜ਼ਿਲ੍ਹੇ ਦੇ ਇੰਚਾਰਜ ਵੀ ਹਨ, ਨੇ ਵੀ ਬੁੱਢਾ ਦਰਿਆ ਕਾਇਆ ਕਲਪ ਪ੍ਰੋਜੈਕਟ, ਸਮਾਰਟ ਸਿਟੀ ਕਾਰਜ਼ਾਂ, ਸਿਹਤ ਅਤੇ ਸਿੱਖਿਆ ਸਕੀਮਾਂ ਹੋਰ ਭਲਾਈ ਪ੍ਰੋਗਰਾਮਾਂ ਦੀ ਪ੍ਰਗਤੀ ਦਾ ਜਾਇਜ਼ਾ ਲਿਆ।

ਇਸ ਮੌਕੇ ਉਨ੍ਹਾਂ ਵਿਧਾਇਕ ਦਲਜੀਤ ਸਿੰਘ ਭੋਲਾ ਗਰੇਵਾਲ ਅਤੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਵੱਲੋਂ ਬੁੱਢਾ ਦਰਿਆ ਕਾਇਆ ਕਲਪ ਪ੍ਰੋਜੈਕਟ ਦੀ ਨਿਗਰਾਨੀ ਲਈ ਤਾਇਨਾਤ ਹੋਰ ਵਿਧਾਇਕਾਂ ਨੂੰ ਵੀ ਕਿਹਾ ਕਿ ਉਹ ਮੀਟਿੰਗ ਕਰਕੇ ਇਸ ਪ੍ਰਾਜੈਕਟ ਦੀ ਪ੍ਰਗਤੀ ਦਾ ਜਾਇਜ਼ਾ ਲੈਣ ਅਤੇ ਵੇਰਵੇ ਪੇਸ਼ ਕਰਨ ਤਾਂ ਜੋ ਸਾਰੀਆਂ ਕਮੀਆਂ, ਜੇਕਰ ਕੋਈ ਹਨ, ਨੂੰ ਸਮੇਂ ਸਿਰ ਦੇਖਭਾਲ ਕਰਕੇ ਦੂਰ ਕੀਤਾ ਜਾ ਸਕੇ। ਪਹਿਲੀ ਵਾਰ ਜ਼ਿਲ੍ਹੇ ਵਿੱਚ ਪਹੁੰਚਣ ‘ਤੇ ਪੁਲਿਸ ਕਮਿਸ਼ਨਰੇਟ ਲੁਧਿਆਣਾ ਵੱਲੋਂ ਉਨ੍ਹਾਂ ਨੂੰ ਗਾਰਡ ਆਫ਼ ਆਨਰ ਵੀ ਦਿੱਤਾ ਗਿਆ।

Facebook Comments

Trending