ਖੇਡਾਂ

ਕਿਲ੍ਹਾ ਰਾਏਪੁਰ ਦਾ 83ਵਾਂ ਰੂਰਲ ਸਪੋਰਟਸ ਫੈਸਟੀਵਲ 3 ਤੋਂ 5 ਫਰਵਰੀ ਤੱਕ

Published

on

ਲੁਧਿਆਣਾ : ਪੰਜਾਬ ਦੇ ਖੇਡ ਇਤਿਹਾਸ ਤੇ ਸੱਭਿਆਚਾਰ ‘ਚ ਸੁਨਹਿਰੀ ਅੱਖਰਾਂ ਵਾਂਗ ਚਮਕਦੇ ਪਿੰਡ ਕਿਲ੍ਹਾ ਰਾਏਪੁਰ ਦਾ 3 ਤੋਂ 5 ਫਰਵਰੀ ਤੱਕ ਹੋਣ ਵਾਲਾ 83ਵਾਂ ਰੂਰਲ ਸਪੋਰਟਸ ਫੈਸਟੀਵਲ ਇਸ ਵਾਰ ਔਰਤਾਂ ਨੂੰ ਹਰ ਖੇਤਰ ‘ਚ ਪੁਰਸ਼ਾਂ ਵਾਂਗ ਮਾਣ ਸਤਿਕਾਰ ਦੇਣ ਦਾ ਹੋਕਾ ਦੇਵੇਗਾ। ਇਸ ਮਨੋਰਥ ਦੀ ਪ੍ਰਾਪਤੀ ਲਈ ਮਿੰਨੀ ਉਲੰਪਿਕਸ ਵਜੋਂ ਜਾਣੀਆਂ ਜਾਂਦੀਆਂ ਕਿਲ੍ਹਾ ਰਾਏਪੁਰ ਖੇਡਾਂ ਦੌਰਾਨ ਪੁਰਸ਼ ਤੇ ਔਰਤ ਵਰਗ ਦੇ ਮੁਕਾਬਲਿਆਂ ਲਈ ਬਰਾਬਰ ਦੇ ਇਨਾਮ ਰੱਖੇ ਗਏ ਹਨ।

ਇਹ ਜਾਣਕਾਰੀ ਖੇਡਾਂ ਦੀ ਮੇਜ਼ਬਾਨ ਕਿਲ੍ਹਾ ਰਾਏਪੁਰ ਸਪੋਰਟਸ ਸੁਸਾਇਟੀ (ਪੱਤੀ ਸੁਹਾਵੀਆ) ਦੇ ਪ੍ਰਧਾਨ ਕਰਨਲ ਸੁਰਿੰਦਰ ਸਿੰਘ ਗਰੇਵਾਲ, ਜਨਰਲ ਸਕੱਤਰ ਗੁਰਵਿੰਦਰ ਸਿੰਘ ਗਰੇਵਾਲ, ਸਰਪੰਚ ਗਿਆਨ ਸਿੰਘ, ਗੁਰਿੰਦਰ ਸਿੰਘ ਗਰੇਵਾਲ, ਬਲਜੀਤ ਸਿੰਘ ਤੇ ਦਵਿੰਦਰ ਸਿੰਘ ਪੂਨੀਆ ਨੇ ਦਿੱਤੀ। ਪ੍ਰਬੰਧਕਾਂ ਨੇ ਦੱਸਿਆ ਕਿ ਸਾਰੇ ਮੁਕਾਬਿਲਆਂ ਲਈ ਜਿੱਥੇ ਬਰਾਬਰ ਇਨਾਮ ਰੱਖੇ ਗਏ ਹਨ ਉੱਥੇ ਛੋਟੀਆਂ ਬੱਚੀਆਂ ਲਈ ਕੁਝ ਵਿਸ਼ੇਸ਼ ਤੌਰ ‘ਤੇ ਨੈਸ਼ਨਲ ਸਟਾਈਲ ਕਬੱਡੀ ਮੁਕਾਬਲੇ ਵੀ ਰੱਖੇ ਗਏ ਹਨ।

ਉਨ੍ਹਾਂ ਦੱਸਿਆ ਕਿ ਇਨ੍ਹਾਂ ਖੇਡਾਂ ਦੌਰਾਨ ਹਾਕੀ (ਲੜਕੇ ਤੇ ਲੜਕੀਆਂ) ਲਈ ਪਹਿਲਾ ਇਨਾਮ 75 ਹਜ਼ਾਰ ਅਤੇ ਦੂਸਰਾ ਇਨਾਮ 50 ਹਜ਼ਾਰ ਰੁਪਏ ਰੱਖਿਆ ਗਿਆ ਹੈ। ਸਰਕਲ ਸਟਾਈਲ ਕਬੱਡੀ ਲਈ ਕੁੱਲ 6 ਲੱਖ ਰੁਪਏ ਦੇ ਇਨਾਮ ਰੱਖੇ ਗਏ ਹਨ, ਜਿਸ ਤਹਿਤ ਅੱਵਲ ਰਹਿਣ ਵਾਲੀ ਟੀਮ ਲਈ 1.5 ਲੱਖ ਅਤੇ ਦੂਸਰੇ ਸਥਾਨ ‘ਤੇ ਰਹਿਣ ਵਾਲੀ ਟੀਮ ਲਈ 1 ਲੱਖ ਰੁਪਏ ਦਾ ਇਨਾਮ ਰੱਖਿਆ ਗਿਆ ਹੈ।

ਵੱਖ-ਵੱਖ ਵਰਗਾਂ ਦੀਆਂ ਦੌੜਾਂ (ਹਰੇਕ ਈਵੈਂਟ) ਲਈ ਪਹਿਲੇ ਸਥਾਨ ਵਾਸਤੇ 5 ਹਜ਼ਾਰ, ਦੂਸਰੇ ਲਈ 3 ਹਜ਼ਾਰ ਰੁਪਏ ਅਤੇ ਤੀਸਰੇ ਸਥਾਨ ਲਈ 2 ਹਜ਼ਾਰ ਰੁਪਏ ਦਾ ਇਨਾਮ ਰੱਖਿਆ ਗਿਆ ਹੈ। ਪ੍ਰਾਇਮਰੀ ਵਰਗ ਦੀ ਨੈਸ਼ਨਲ ਸਟਾਈਲ ਕਬੱਡੀ (ਲੜਕੀਆਂ) ‘ਚ ਪਹਿਲੇ ਸਥਾਨ ਲਈ 25 ਹਜ਼ਾਰ ਅਤੇ ਦੂਸਰੇ ਸਥਾਨ ਲਈ 15 ਹਜ਼ਾਰ ਰੁਪਏ ਦਾ ਇਨਾਮ ਰੱਖਿਆ ਗਿਆ ਹੈ। ਰੱਸਾਕਸੀ ਪਹਿਲਾ ਇਨਾਮ 21 ਹਜ਼ਾਰ ਅਤੇ ਦੂਸਰਾ ਇਨਾਮ 11 ਹਜ਼ਾਰ ਰੁਪਏ ਰੱਖਿਆ ਗਿਆ ਹੈ। ਟਰਾਲੀ ਬੈਕ ਲਗਾਉਣ ਦੇ ਮੁਕਾਬਲੇ ਲਈ ਪਹਿਲਾ ਇਨਾਮ 31 ਹਜ਼ਾਰ, ਦੂਸਰਾ ਇਨਾਮ 21 ਹਜ਼ਾਰ, ਤੀਸਰਾ ਇਨਾਮ 11 ਹਜ਼ਾਰ ਅਤੇ ਚੌਥਾ ਇਨਾਮ 51 ਸੌ ਰੁਪਏ ਰੱਖਿਆ ਗਿਆ ਹੈ।

Facebook Comments

Trending

Copyright © 2020 Ludhiana Live Media - All Rights Reserved.