ਪੰਜਾਬੀ

ਪੀਏਯੂ ਵਿੱਚ  ਮਨਾਇਆ ਗਿਆ 76ਵਾਂ ਅਜ਼ਾਦੀ ਦਿਹਾੜਾ

Published

on

ਲੁਧਿਆਣਾ : ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਵਿੱਚ ਅੱਜ ਭਾਰਤ ਦਾ 76 ਵਾਂ ਅਜ਼ਾਦੀ ਦਿਹਾੜਾ ਜੋਸ਼ ਖਰੋਸ਼ ਨਾਲ ਮਨਾਇਆ ਗਿਆ।  ਇਸ ਸਮਾਗਮ ਦੀ ਪ੍ਰਧਾਨਗੀ ਪੀ ਏ ਯੂ ਦੇ ਰਜਿਸਟਰਾਰ ਡਾ ਸ਼ੰਮੀ ਕਪੂਰ ਨੇ ਕੀਤੀ। ਡਾ ਕਪੂਰ ਨੇ ਇਸ ਮਹਾਨ ਦਿਹਾੜੇ ਦੀ ਸਮੂਹ ਦੇਸ਼ ਵਾਸੀਆਂ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਇਸੇ ਦਿਨ ਦੇਸ਼ ਨੂੰ 200 ਸਾਲ ਦੇ ਬਰਤਾਨਵੀ ਸ਼ਾਸਨ ਤੋਂ ਮੁਕਤੀ ਮਿਲੀ ਸੀ। ਆਜ਼ਾਦੀ ਤੋਂ ਬਾਅਦ ਦੇਸ਼ ਵਾਸੀਆਂ ਨੂੰ ਭੁੱਖਮਰੀ ਤੋਂ ਬਚਾਉਣ ਦੀ ਚੁਣੌਤੀ ਸੀ। ਪੀ ਏ ਯੂ ਨੇ ਇਸ ਚੁਣੌਤੀ ਸਾਮ੍ਹਣੇ ਹਰੇ ਇਨਕਲਾਬ ਦੀ ਅਗਵਾਈ ਕੀਤੀ।

ਡਾ ਸ਼ੰਮੀ ਕਪੂਰ ਨੇ ਕੋਵਿਡ ਦੀ ਮਹਾਂਮਾਰੀ ਦੌਰਾਨ ਆਈ ਖੜੋਤ ਦੇ ਬਾਵਜੂਦ ਪੀ ਏ ਯੂ ਵਲੋਂ ਕੀਤੇ ਖੋਜ ਤੇ ਪਸਾਰ ਕਾਰਜਾਂ ਦਾ ਜ਼ਿਕਰ ਕੀਤਾ। ਉਨ੍ਹਾਂ ਨੇ ਸੁਰੱਖਿਆ ਦੇ ਬਾਵਜੂਦ ਆਨਲਾਈਨ ਮੇਲੇ ਲਾ ਕੇ ਕਿਸਾਨੀ ਤਕ ਨਵੀਆਂ ਖੋਜਾਂ ਅਤੇ ਤਕਨਾਲੋਜੀਆਂ ਦੇ ਪਸਾਰ ਲਈ ਪੀ ਏ ਯੂ ਵਿਗਿਆਨੀਆਂ ਦੀ ਸ਼ਲਾਘਾ ਕੀਤੀ । ਉਨ੍ਹਾਂ ਕਿਹਾ ਕਿ ਖੇਤੀ ਸਥਿਰਤਾ, ਕੁਦਰਤੀ ਸਰੋਤਾਂ ਦੀ ਸੰਭਾਲ, ਖੇਤੀ ਮੁਹਾਰਤ ਦਾ ਵਿਕਾਸ ਅਜੋਕੇ ਸਮੇਂ ਦੀਆਂ ਲੋੜਾਂ ਹਨ ਤੇ ਪੀ ਏ ਯੂ ਲਗਾਤਾਰ ਇਸ ਲਈ ਯਤਨਸ਼ੀਲ ਹੈ।

ਇਸ ਤੋ ਪਹਿਲਾਂ ਨਿਰਦੇਸ਼ਕ ਵਿਦਿਆਰਥੀ ਭਲਾਈ ਡਾ ਗੁਰਮੀਤ ਸਿੰਘ ਬੁੱਟਰ ਨੇ ਮੁੱਖ ਮਹਿਮਾਨ, ਅਫਸਰ ਸਾਹਿਬਾਨ, ਫੈਕਲਟੀ ਅਤੇ ਵਿਦਿਆਰਥੀਆਂ ਦਾ ਸੁਆਗਤ ਕਰਦਿਆਂ ਸਭ ਨੂੰ ਅਜ਼ਾਦੀ ਦਿਹਾੜੇ ਦੀ ਵਧਾਈ ਦਿੱਤੀ। ਉਹਨਾਂ ਕਿਹਾ ਕਿ ਆਜ਼ਾਦੀ ਨੂੰ ਮਾਣਦੇ ਸਮੇਂ ਇਸਦੀ ਰੱਖਿਆ ਕਰਨ ਤੇ ਇਸਨੂੰ ਬਰਕਰਾਰ ਰੱਖਣ ਦੀ ਲੋੜ ਹੈ। ਸਮਾਜਿਕ ਕੁਰੀਤੀਆਂ ਬਰਾਬਰਤਾ ਦੇ ਰਾਹ ਵਿੱਚ ਬਹੁਤ ਵੱਡਾ ਰੋੜਾ ਹਨ ਅਤੇ ਇਹਨਾਂ ਦੇ ਖਾਤਮੇ ਲਈ ਰਲ ਕੇ ਹੰਭਲਾ ਮਾਰਨ ਦੀ ਲੋੜ ਹੈ।

ਡਾ ਸ਼ੰਮੀ ਕਪੂਰ ਨੇ ਰਾਸ਼ਟਰੀ ਝੰਡਾ ਝੁਲਾਉਣ ਦੀ ਰਸਮ ਅਦਾ ਕੀਤੀ ਅਤੇ ਮਾਰਚ ਪਾਸਟ ਤੋਂ ਸਲਾਮੀ ਲਈ। ਉਸ ਤੋਂ ਬਾਅਦ ਰਾਸ਼ਟਰੀ ਗਾਣ ਵਜਾਇਆ ਗਿਆ। ਇਸ ਮੌਕੇ ਪੀ ਏ ਯੂ ਦੇ ਰਜਿਸਟਰਾਰ  ਨਿਰਦੇਸ਼ਕ ਪਸਾਰ ਸਿਖਿਆ ਅਸ਼ੋਕ ਕੁਮਾਰ, ਮਿਲਖ ਅਧਿਕਾਰੀ ਡਾ ਜਸਕਰਨ ਸਿੰਘ ਮਾਹਲ,ਨਿਰਦੇਸ਼ਕ ਖੋਜ ਡਾ ਅਜਮੇਰ ਸਿੰਘ ਢੱਟ ਡੀਨ ਬਾਗਬਾਨੀ ਕਾਲਜ ਡਾ ਐੱਮ ਆਈ ਐੱਸ ਗਿੱਲ, ਡੀਨ ਕਮਿਊਨਿਟੀ ਸਾਇੰਸ ਕਾਲਜ ਡਾ ਸੰਦੀਪ ਬੈਂਸ, ਨਿਰਦੇਸ਼ਕ ਬੀਜ ਡਾ ਰਜਿੰਦਰ ਸਿੰਘ ਅਤੇ ਭਾਰੀ ਗਿਣਤੀ ਵਿਚ ਵਿਦਿਆਰਥੀ ਹਾਜ਼ਿਰ ਸਨ।

Facebook Comments

Trending

Copyright © 2020 Ludhiana Live Media - All Rights Reserved.