ਪੰਜਾਬ ਨਿਊਜ਼

60 ਸਕੂਲ ਪ੍ਰਿੰਸੀਪਲਾਂ ਤੇ ਮੁੱਖ ਅਧਿਆਪਕਾਂ ਨੂੰ ਟ੍ਰੇਨਿੰਗ ਲਈ ਯੂਕੇ, ਕੈਨੇਡਾ ਤੇ ਸਿੰਗਾਪੁਰ ਭੇਜਿਆ ਜਾਵੇਗਾ – ਹਰਜੋਤ ਸਿੰਘ ਬੈਂਸ

Published

on

ਲੁਧਿਆਣਾ :  ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਸੂਬੇ ‘ਚ ਮੁੱਖ ਮੰਤਰੀ ਸ. ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਆਉਣ ਵਾਲੇ ਮਹੀਨਿਆਂ ਵਿੱਚ 60 ਸਕੂਲ ਪ੍ਰਿੰਸੀਪਲਾਂ ਅਤੇ ਮੁੱਖ ਅਧਿਆਪਕਾਂ ਨੂੰ ਸਿਖਲਾਈ ਲਈ ਕੈਨੇਡਾ, ਯੂਕੇ ਅਤੇ ਸਿੰਗਾਪੁਰ ਭੇਜੇਗੀ।

ਲੁਧਿਆਣਾ ਵਿੱਚ ‘ਸਪੀਕਿੰਗ ਮਾਈਂਡਜ਼ ਯੂਥ ਕਨਕਲੇਵ’ ਦੀ ਪ੍ਰਧਾਨਗੀ ਕਰਦਿਆਂ, ਸ. ਬੈਂਸ, ਜਿਨ੍ਹਾਂ ਕੋਲ ਮਾਈਨਿੰਗ ਅਤੇ ਜੇਲ ਵਿਭਾਗ ਵੀ ਹਨ, ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਪਹਿਲਾਂ ਹੀ ਪ੍ਰਿੰਸੀਪਲਾਂ ਅਤੇ ਅਧਿਆਪਕਾਂ ਨੂੰ ਕੈਨੇਡਾ, ਯੂਕੇ ਅਤੇ ਸਿੰਗਾਪੁਰ ਭੇਜਣ ਲਈ ਰਸਮੀ ਕਾਰਵਾਈਆਂ ਨੂੰ ਅੰਤਿਮ ਰੂਪ ਦੇਣ ਦੀ ਪ੍ਰਕਿਰਿਆ ਵਿੱਚ ਹੈ ਜਿੱਥੇ ਉਨ੍ਹਾਂ ਨੂੰ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਵਿੱਚ ਮਦਦ ਕਰਨ ਵਾਲੇ ਚੋਟੀ ਦੇ ਮਾਹਿਰਾਂ ਵੱਲੋਂ ਸਿਖਲਾਈ ਦਿੱਤੀ ਜਾਵੇਗੀ।

ਸਿੱਖਿਆ ਮੰਤਰੀ ਨੇ 11ਵੀਂ ਅਤੇ 12ਵੀਂ ਜਮਾਤਾਂ ਦੇ ਵਿਦਿਆਰਥੀਆਂ ਵਿੱਚ ਉੱਦਮੀ ਹੁਨਰ ਨੂੰ ਵਿਕਸਤ ਕਰਨ ਲਈ ਪਾਇਲਟ ਪ੍ਰੋਜੈਕਟ ਵਜੋਂ 100 ਸਰਕਾਰੀ ਸਕੂਲਾਂ ਵਿੱਚ ਬਿਜ਼ਨਸ ਬਲਾਸਟਰ ਪ੍ਰੋਗਰਾਮ ਸ਼ੁਰੂ ਕਰਨ ਦਾ ਵੀ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਹਰੇਕ ਵਿਦਿਆਰਥੀ ਨੂੰ ਉਨ੍ਹਾਂ ਦੇ ਨਵੀਨਤਾਕਾਰੀ ਕਾਰੋਬਾਰੀ ਵਿਚਾਰਾਂ ਦਾ ਸਮਰਥਨ ਕਰਨ ਲਈ 2000 ਰੁਪਏ ਦੀ ਸੀਡ ਮਨੀ ਪ੍ਰਦਾਨ ਕੀਤੀ ਜਾਵੇਗੀ।

ਸ. ਬੈਂਸ ਨੇ ਕਿਹਾ ਕਿ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਵਿੱਚ ਪ੍ਰਤਿਭਾ ਦੀ ਕੋਈ ਕਮੀ ਨਹੀਂ ਹੈ ਅਤੇ ਉਹ ਆਪਣੇ ਕਾਰੋਬਾਰੀ ਵਿਚਾਰਧਾਰਾ ਰਾਹੀਂ ਸਕੂਲਾਂ ਅਤੇ ਕਾਲਜਾਂ ਤੋਂ ਪੜ੍ਹਾਈ ਪੂਰੀ ਕਰਕੇ ਸਫਲ ਉੱਦਮੀ ਬਣ ਸਕਦੇ ਹਨ। ਇਸ ਤੋਂ ਇਲਾਵਾ, ਇਹ ਪ੍ਰੋਗਰਾਮ ਵਿਦਿਆਰਥੀਆਂ ਵਿੱਚ ਵਿਸ਼ਵਾਸ਼ ਪੈਦਾ ਕਰੇਗਾ ਕਿ ਉਨ੍ਹਾਂ ਨੂੰ ਨੌਕਰੀ ਪ੍ਰਦਾਨ ਕਰਨ ਵਾਲੇ ਬਣਨਾ ਹੈ ਨਾ ਕਿ ਨੌਕਰੀ ਲੱਭਣ ਵਾਲੇ ਇਸ ਤਰ੍ਹਾਂ ਦੇਸ਼ ਦੀ ਆਰਥਿਕਤਾ ਵਿੱਚ ਯੋਗਦਾਨ ਪਾਉਣਗੇ।

ਕੈਬਨਿਟ ਮੰਤਰੀ ਨੇ ਕਿਹਾ ਕਿ ਪੰਜਾਬ ਵਿੱਚ ਬੁਨਿਆਦੀ ਢਾਂਚੇ ਦੇ ਆਧਾਰ ‘ਤੇ ਸਕੂਲਾਂ ਦੀ ਪਛਾਣ ਕਰਨ ਲਈ ਇੱਕ ਸਰਵੇਖਣ ਕੀਤਾ ਜਾ ਰਿਹਾ ਹੈ ਜਿਸ ਵਿੱਚ ਕਲਾਸਾਂ, ਲੈਬ, ਸਟਾਫ, ਖੇਡ ਦੇ ਮੈਦਾਨ, ਪਖਾਨੇ, ਡੈਸਕ ਅਤੇ ਹੋਰ ਸ਼ਾਮਲ ਹਨ। ਇਹ ਬਹੁਤ ਦੁੱਖ ਦੀ ਗੱਲ ਹੈ ਕਿ ਆਜ਼ਾਦੀ ਦੇ 75 ਸਾਲਾਂ ਬਾਅਦ ਵੀ ਸਰਕਾਰੀ ਸਕੂਲਾਂ ਦਾ ਬੁਨਿਆਦੀ ਢਾਂਚਾ ਤਸੱਲੀਬਖਸ਼ ਨਹੀਂ ਹੈ .

ਸ. ਬੈਂਸ ਨੇ ਕਿਹਾ ਕਿ ਪੰਜਾਬ ਵਿੱਚ 20,000 ਸਰਕਾਰੀ ਸਕੂਲ ਹਨ ਜਿਨ੍ਹਾਂ ਵਿੱਚੋਂ 400 ਅਧਿਆਪਕਾਂ ਤੋਂ ਬਗੈਰ ਹਨ ਅਤੇ 1600 ਸਕੂਲਾਂ ਵਿੱਚ ਸਿਰਫ਼ ਇੱਕ ਅਧਿਆਪਕ ਨਾਲ ਹੀ ਕੰਮ ਚਲਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਸਕੂਲਾਂ ਦੇ ਬੁਨਿਆਦੀ ਢਾਂਚੇ ਨੂੰ ਵਿਸ਼ਵ ਪੱਧਰੀ ਬਣਾਉਣ ਦੇ ਨਾਲ-ਨਾਲ ਆਉਣ ਵਾਲੇ ਸਾਲਾਂ ਵਿੱਚ ਸਿੱਖਿਆ ਖੇਤਰ ਵਿੱਚ ਮੁਕੰਮਲ ਕ੍ਰਾਂਤੀ ਨੂੰ ਯਕੀਨੀ ਬਣਾਉਣ ਲਈ ਵਚਨਬੱਧ ਹੈ।

ਕੈਬਨਿਟ ਮੰਤਰੀ ਨੇ ਅੱਗੇ ਦੱਸਿਆ ਕਿ ਪੰਜਾਬ ਦੇ ਲੋਕਾਂ ਨਾਲ ਕੀਤਾ ਹਰ ਵਾਅਦਾ ਪੂਰਾ ਕੀਤਾ ਜਾਵੇਗਾ ਕਿਉਂਕਿ ਆਮ ਆਦਮੀ ਪਾਰਟੀ ਦੀ ਸਰਕਾਰ ਪਾਰਦਰਸ਼ੀ ਅਤੇ ਭ੍ਰਿਸ਼ਟਾਚਾਰ ਮੁਕਤ ਸਰਕਾਰ ਹੈ। ਉਨ੍ਹਾਂ ਕਿਹਾ ਕਿ ਅਗਲੇ ਪੰਜ ਸਾਲਾਂ ਵਿੱਚ ਪੰਜਾਬ ਵਿੱਚ 16 ਮੈਡੀਕਲ ਕਾਲਜ ਖੋਲ੍ਹੇ ਜਾਣਗੇ।

ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਲੁਧਿਆਣਾ ਦੇ 50 ਸਰਕਾਰੀ ਸਕੂਲਾਂ ਨੂੰ ਗੋਦ ਲੈਣ ਲਈ ਇਨੀਸ਼ੀਏਟਰ ਆਫ ਚੇਂਜ ਦਾ ਵੀ ਧੰਨਵਾਦ ਕੀਤਾ। ਬਾਅਦ ਵਿੱਚ ਉਨ੍ਹਾਂ ਕਨਕਲੇਵ ਦੌਰਾਨ ਨੌਜਵਾਨਾਂ ਨਾਲ ਗੱਲਬਾਤ ਵੀ ਕੀਤੀ।

Facebook Comments

Trending

Copyright © 2020 Ludhiana Live Media - All Rights Reserved.