ਪੰਜਾਬੀ

ਲੁਧਿਆਣਾ ‘ਚ 30 ਨਵੇਂ ਆਮ ਆਦਮੀ ਕਲੀਨਿਕ, 110 ‘ਸੀ.ਐਮ. ਕੀ ਯੋਗਸ਼ਾਲਾ’ ਖੋਲ੍ਹੀਆਂ ਜਾਣਗੀਆਂ

Published

on

ਲੁਧਿਆਣਾ :  ਸੂਬੇ ਦੇ ਸਰਕਾਰੀ ਹਸਪਤਾਲਾਂ ਵਿੱਚ ਡਾਕਟਰਾਂ ਦੀ ਘਾਟ ਨੂੰ ਪੂਰਾ ਕਰਨ ਲਈ ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਵਲੋਂ ਕਿਹਾ ਗਿਆ ਕਿ ਸਰਕਾਰ ਵੱਲੋਂ ਜਲਦ ਹੀ ਇੱਕ ਨਵਾਂ ਪ੍ਰੋਗਰਾਮ ‘ਸਿੱਖਣ ਦੇ ਨਾਲ ਕਮਾਓ’ ਸ਼ੁਰੂ ਕੀਤਾ ਜਾਵੇਗਾ ਜਿਸਦੇ ਤਹਿਤ ਐਮ.ਬੀ.ਬੀ.ਐਸ. ਪਾਸ ਵਿਦਿਆਰਥੀ ਸਿਹਤ ਸੰਸਥਾਵਾਂ ਵਿੱਚ ਤਾਇਨਾਤ ਕੀਤੇ ਜਾਣਗੇ ਜਿਨ੍ਹਾਂ ਨੂੰ ਹਸਪਤਾਲ ਵਿੱਚ ਪ੍ਰੈਕਟਿਸ ਕਰਨ ਦੇ ਨਾਲ-ਨਾਲ ਚੰਗੀਆਂ ਤਨਖ਼ਾਹਾਂ ਵੀ ਦਿੱਤੀਆਂ ਜਾਣਗੀਆਂ।

ਸਰਕਾਰੀ ਹਸਪਤਾਲਾਂ ਵਿੱਚ ਡਾਕਟਰਾਂ ਦੀ ਘਾਟ ਨੂੰ ਸਵੀਕਾਰ ਕਰਦਿਆਂ ਸਿਹਤ ਮੰਤਰੀ ਨੇ ਕਿਹਾ ਕਿ ਇਸ ਪ੍ਰੋਗਰਾਮ ਤਹਿਤ ਐਮ.ਬੀ.ਬੀ.ਐਸ. ਪਾਸ ਵਿਦਿਆਰਥੀਆਂ ਨੂੰ 70000 ਰੁਪਏ ਮਹੀਨਾ ਤਨਖ਼ਾਹ ਤੋਂ ਇਲਾਵਾ ਰਿਹਾਇਸ਼ ਅਤੇ ਹੋਰ ਸਹੂਲਤਾਂ ਸਰਕਾਰ ਵੱਲੋਂ ਦਿੱਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਇਹ ਪ੍ਰੋਗਰਾਮ ਪੰਜਾਬ ਵਿੱਚ ਸੈਕੰਡਰੀ ਸਿਹਤ ਸੇਵਾਵਾਂ ਨੂੰ ਵਧਾਉਣ ਲਈ ਇੱਕ ਕ੍ਰਾਂਤੀਕਾਰੀ ਸੰਕਲਪ ਹੈ ਜਿਸਨੂੰ ਜਲਦ ਹੀ ਲਾਗੂ ਕੀਤਾ ਜਾਵੇਗਾ।

ਗਾਇਨੀਕੋਲੋਜਿਸਟਸ ਅਤੇ ਹੋਰ ਮਾਹਿਰਾਂ ਦੀ ਘਾਟ ਨਾਲ ਨਜਿੱਠਣ ਲਈ, ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ  ਕਿਹਾ ਕਿ ਸਰਕਾਰ ਸਰਜਰੀ-ਅਧਾਰਤ ਪ੍ਰਕਿਰਿਆਵਾਂ ਲਈ ਸਥਾਨਕ ਪ੍ਰਾਈਵੇਟ ਉੱਚ ਯੋਗਤਾ ਪ੍ਰਾਪਤ ਡਾਕਟਰਾਂ ਨੂੰ ਨਿਯੁਕਤ ਕਰਨ ਲਈ ਇੱਕ ਨੀਤੀ ਲਿਆਉਣ ‘ਤੇ ਵਿਚਾਰ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਮੈਡੀਕਲ ਕਾਲਜਾਂ ਦੇ ਡਾਕਟਰਾਂ ਅਤੇ ਪ੍ਰਾਈਵੇਟ ਹਸਪਤਾਲਾਂ ਦੇ ਡਾਕਟਰਾਂ ਦੇ ਸਹਿਯੋਗ ਨਾਲ ਮਿਆਰੀ ਇਲਾਜ ਦੇਣ ਲਈ ਜਲਦ ਹੀ ਜ਼ਿਲ੍ਹਾ ਰੈਜ਼ੀਡੈਂਸੀ ਪ੍ਰੋਗਰਾਮ ਵੀ ਸ਼ੁਰੂ ਕਰੇਗੀ।

ਉਨ੍ਹਾਂ ਕਿਹਾ ਕਿ 504 ਆਮ ਆਦਮੀ ਕਲੀਨਿਕਾਂ ਦੇ ਸਫਲ ਸੰਚਾਲਨ ਦੇ ਨਾਲ, ਜਲਦ ਹੀ 142 ਹੋਰ ਕਲੀਨਿਕ ਖੋਲ੍ਹੇ ਜਾਣੇ ਹਨ। ਉਨ੍ਹਾਂ ਕਿਹਾ ਕਿ ਵੈਲਨੈਸ ਸੈਂਟਰ ਪਹਿਲਾਂ ਹੀ ਕੰਮ ਕਰ ਰਹੇ ਹਨ ਅਤੇ ਆਮ ਆਦਮੀ ਕਲੀਨਿਕਾਂ ਨਾਲ ਲੋਕਾਂ ਨੂੰ ਮਿਆਰੀ ਸਿਹਤ ਸੇਵਾਵਾਂ ਮਿਲ ਰਹੀਆਂ ਹਨ ਜਿੱਥੇ 80 ਵੱਖ-ਵੱਖ ਦਵਾਈਆਂ ਅਤੇ 41 ਟੈਸਟ ਮੁਫ਼ਤ ਕੀਤੇ ਜਾ ਰਹੇ ਹਨ।

ਸਿਹਤ ਮੰਤਰੀ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਲੁਧਿਆਣਾ ਵਿੱਚ 30 ਨਵੇਂ ਆਮ ਆਦਮੀ ਕਲੀਨਿਕ ਅਤੇ 110 ‘ਸੀ.ਐਮ. ਕੀ ਯੋਗਸ਼ਾਲਾ’ ਖੋਲ੍ਹੀਆਂ ਜਾਣਗੀਆਂ। ਇਸ ਤੋਂ ਪਹਿਲਾਂ ਕੈਬਨਿਟ ਮੰਤਰੀ ਦਾ ਸਰਕਟ ਹਾਊਸ ਪਹੁੰਚਣ ‘ਤੇ ਡਿਪਟੀ ਕਮਿਸ਼ਨਰ ਸੁਰਭੀ ਮਲਿਕ ਅਤੇ ਹੋਰਨਾਂ ਵੱਲੋਂ ਗਾਰਡ ਆਫ਼ ਆਨਰ ਦਿੱਤਾ ਗਿਆ।

Facebook Comments

Trending

Copyright © 2020 Ludhiana Live Media - All Rights Reserved.