ਅਪਰਾਧ

ਜ਼ਿਲ੍ਹਾ ਸਿੱਖਿਆ ਅਫ਼ਸਰ ਦੇ ਗਲ ‘ਚ ਜੁੱਤੀਆਂ ਪਾਉਣ ਦੇ ਮਾਮਲੇ ਵਿਚ ਰਜਿੰਦਰ ਘਈ ਸਮੇਤ 3 ਗਿ੍ਫ਼ਤਾਰ

Published

on

ਲੁਧਿਆਣਾ :    ਜ਼ਿਲ੍ਹਾ ਸਿੱਖਿਆ ਅਫ਼ਸਰ ਦੇ ਗਲ ਵਿਚ ਜੁੱਤੀਆਂ ਪਾਉਣ ਦੇ ਮਾਮਲੇ ਵਿਚ ਪੁਲਿਸ ਨੇ ਪੇਰੈਂਟਸ ਐਸੋਸੀਏਸ਼ਨ ਦੇ ਪ੍ਰਧਾਨ ਸਮੇਤ ਤਿੰਨ ਵਿਅਕਤੀਆਂ ਨੂੰ ਗਿ੍ਫ਼ਤਾਰ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀ. ਸੀ. ਪੀ. ਸਿਮਰਤਪਾਲ ਸਿੰਘ ਢੀਂਡਸਾ ਨੇ ਦੱਸਿਆ ਕਿ ਪੁਲਿਸ ਵਲੋਂ ਗਿ੍ਫ਼ਤਾਰ ਕੀਤੇ ਗਏ ਕਥਿਤ ਦੋਸ਼ੀਆਂ ਵਿਚ ਪ੍ਰਧਾਨ ਰਜਿੰਦਰ ਕੁਮਾਰ ਘਈ ਪੁੱਤਰ ਜੈਪਾਲ ਵਾਸੀ ਨਿਊ ਕੁੰਦਨਪੁਰੀ, ਨਰੇਸ਼ ਸੈਣੀ ਪੁੱਤਰ ਮਾਮਚੰਦ ਵਾਸੀ ਚੰਦਰਨਗਰ ਅਤੇ ਅਰਜੁਨ ਅਗਰਾਰੀ ਪੁੱਤਰ ਅਸ਼ਰਫੀ ਲਾਲ ਸ਼ਾਮਿਲ ਹਨ।

ਪੁਲਿਸ ਅਧਿਕਾਰੀ ਨੇ ਦੱਸਿਆ ਕਿ ਪਿਛਲੇ ਸਾਲ 31 ਦਸੰਬਰ ਨੂੰ ਦੁਪਹਿਰ ਬਾਅਦ ਰਾਜਿੰਦਰ ਕੁਮਾਰ ਘਈ ਆਪਣੇ 8-10 ਸਾਥੀਆਂ ਨਾਲ ਜ਼ਿਲ੍ਹਾ ਸਿੱਖਿਆ ਅਫ਼ਸਰ ਲਖਵੀਰ ਸਿੰਘ ਦੇ ਦਫ਼ਤਰ ਵਿਚ ਗਿਆ, ਉਸ ਵਕਤ ਦਫ਼ਤਰ ‘ਚ ਲਖਵੀਰ ਸਿੰਘ ਖ਼ੁਦ ਮੌਜੂਦ ਸਨ। ਪ੍ਰਧਾਨ ਰਜਿੰਦਰ ਕੁਮਾਰ ਘਈ ਨੇ ਜ਼ਿਲ੍ਹਾ ਸਿੱਖਿਆ ਅਫ਼ਸਰ ਲਖਵੀਰ ਸਿੰਘ ਨੂੰ ਸਨਮਾਨਿਤ ਕਰਨ ਦਾ ਕਿਹਾ, ਜਿਸ ‘ਤੇ ਉਨ੍ਹਾਂ ਨੇ ਸਹਿਮਤੀ ਦੇ ਦਿੱਤੀ। ਉਨ੍ਹਾਂ ਦੱਸਿਆ ਕਿ ਕਥਿਤ ਦੋਸ਼ੀਆਂ ਨੇ ਪਹਿਲਾਂ ਲਖਵੀਰ ਸਿੰਘ ਦੇ ਗਲੇ ਵਿਚ ਫੁੱਲਾਂ ਦੇ ਹਾਰ ਪਾ ਦਿੱਤੇ ਅਤੇ ਬਾਅਦ ਵਿਚ ਜੁੱਤੀਆਂ ਦਾ ਹਾਰ ਵੀ ਪਾ ਦਿੱਤਾ ਤੇ ਉੱਥੋਂ ਫ਼ਰਾਰ ਹੋ ਗਏ।

ਲਖਵੀਰ ਸਿੰਘ ਵਲੋਂ ਇਹ ਸਾਰਾ ਮਾਮਲਾ ਉੱਚ ਅਧਿਕਾਰੀਆਂ ਦੇ ਧਿਆਨ ਵਿਚ ਲਿਆਂਦਾ ਤਾਂ ਉਨ੍ਹਾਂ ਨੇ ਫੌਰੀ ਕਾਰਵਾਈ ਕਰਦਿਆਂ ਰਜਿੰਦਰ ਕੁਮਾਰ ਘਈ ਅਤੇ ਉਸਦੇ ਸਾਥੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ। ਉਨ੍ਹਾਂ ਦੱਸਿਆ ਕਿ ਉਕਤ ਕਥਿਤ ਦੋਸ਼ੀਆਂ ਨੂੰ ਅਦਾਲਤੀ ਹੁਕਮਾਂ ਤਹਿਤ ਬਰਜਮਾਨਤ ਰਿਹਾਅ ਕਰ ਦਿੱਤਾ ਗਿਆ ਸੀ, ਪਰ ਉਨ੍ਹਾਂ ਖ਼ਿਲਾਫ਼ ਧਾਰਾ 107, 151 ਤਹਿਤ ਅਪਰਾਧ ਰੋਕੂ ਕਾਰਵਾਈ ਅਮਲ ਵਿਚ ਲਿਆਂਦੀ ਗਈ ਹੈ ਅਤੇ ਇਸ ਮਾਮਲੇ ਵਿਚ ਉਨ੍ਹਾਂ ਨੂੰ ਕੇਂਦਰੀ ਜੇਲ੍ਹ ਵਿਚ ਬੰਦ ਕਰਵਾਇਆ ਗਿਆ ਹੈ।

Facebook Comments

Trending

Copyright © 2020 Ludhiana Live Media - All Rights Reserved.