ਖੇਤੀਬਾੜੀ

ਭੁੰਗਾ ਸਥਿਤ ਕਾਲਾ ਬਾਗ ਵਿਖੇ ਦੂਸਰਾ ਡਾਃ ਮਹਿੰਦਰ ਸਿੰਘ ਰੰਧਾਵਾ ਯਾਦਗਾਰੀ ਅੰਬ ਚੂਪਣ ਦਾ ਮੇਲਾ

Published

on

ਲੁਧਿਆਣਾ :  ਜੁਲਾਈ 2019 ਵਿੱਚ ਪੰਜਾਬੀ ਲੋਕ ਵਿਰਾਸਤ ਅਕਾਡਮੀ ਲੁਧਿਆਣਾ ਵੱਲੋਂ ਡਾਃ ਮਹਿੰਦਰ ਸਿੰਘ ਰੰਧਾਵਾ ਯਾਦਗਾਰੀ ਅੰਬ ਚੂਪਣ ਦਾ ਮੇਲਾ ਸ਼ੁਰੂ ਕੀਤਾ ਗਿਆ ਸੀ।
ਉਸ ਵਿੱਚ ਕੁਸ਼ਤੀ ਦੇ ਧਰੂ ਤਾਰੇ ਪਹਿਲਵਾਨ ਕਰਤਾਰ ਸਿੰਘ, ਭਾਰਤੀ ਬਾਸਕਟਬਾਲ ਟੀਮ ਦੇ ਕਪਤਾਨ ਰਹੇ ਅਰਜੁਨਾ ਐਵਾਰਡੀ  ਸਃ ਸੱਜਣ ਸਿੰਘ ਚੀਮਾ, ਵਰਤਮਾਨ ਖੇਤੀ ਬਾੜੀ ਤੇ ਪੇਂਡੂ ਵਿਕਾਸ ਮੰਤਰੀ ਸਃ ਕੁਲਦੀਪ ਸਿੰਘ ਧਾਲੀਵਾਲ, ਮੇਜਰ ਜਨਰਲ ਜਸਬੀਰ ਸਿੰਘ ਢਿੱਲੋਂ ਤੋਂ ਇਲਾਵਾ ਸਾਰੇ ਪੰਜਾਬ ਦੇ ਸਿਰਕੱਢ ਚਿਹਰੇ ਹਾਜ਼ਰ ਹੋਏ।

ਪੰਜਾਬ ਦੇ ਖੇਤੀਬਾੜੀ, ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਦੇ ਨਾਲ ਦੋ ਵਿਧਾਇਕ ਜਸਬੀਰ ਸਿੰਘ ਰਾਜਾ (ਟਾਂਡਾ ਉੜਮੁੜ) ਤੇ ਪਰਮਦੀਪ ਸਿੰਘ ਘੁੰਮਣ (ਦਸੂਹਾ) ਤੋਂ ਇਲਾਵਾ ਡਿਪਟੀ ਕਮਿਸ਼ਨਰ ਸੰਦੀਪ ਹੰਸ ਤੇ ਐੱਸ ਐੱਸ ਪੀ  ਸਰਤਾਜ ਸਿੰਘ ਚਾਹਲ ਵੀ ਪੁਜੇ।

ਇਸ ਮੌਕੇ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਬਾਗਬਾਨੀ ਤੇ ਫ਼ਲ ਸੱਭਿਆਚਾਰ ਨੂੰ ਹੁਲਾਰਾ ਦੇਣ ਲਈ ਸੂਬੇ ਵਿੱਚ ਵੱਖ-ਵੱਖ ਥਾਵਾਂ  ਉੱਤੇ ਸਥਾਨਕ ਰਵਾਇਤੀ ਫਲਾਂ ਦੇ ਮੇਲੇ ਲਗਾਏ ਜਾਣਗੇ। ਹੁਸ਼ਿਆਰਪੁਰ ਵਿਖੇ ਅੰਬ, ਦੱਖਣੀ ਪੱਛਮੀ ਜ਼ਿਲਿਆਂ ਵਿੱਚ  ਕਿੰਨੂ ਤੇ ਨਿੰਬੂ ਜਾਤੀ ਫ਼ਲ ਪਠਾਨਕੋਟ ਵਿਖੇ ਲੀਚੀ ਤੇ ਅੰਮ੍ਰਿਤਸਰ ਵਿੱਚ ਨਾਸ਼ਪਾਤੀ ਤੇ ਬੱਗੂਗੋਸ਼ਿਆਂ ਦੇ ਮੇਲੇ ਵੀ ਖੇਤੀਬਾੜੀ, ਪੇਂਡੂ ਵਿਕਾਸ ਤੇ ਬਾਗਬਾਨੀ ਮਹਿਕਮੇ ਦੇ ਸਹਿਯੋਗ ਨਾਲ ਕਰਾਵਾਂਗੇ।

ਪੰਜਾਬ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਪ੍ਰੋ ਗੁਰਭਜਨ ਸਿੰਘ ਗਿੱਲ ਨੇ ਕਿਹਾ ਕਿ ਇਸ ਮੇਲੇ ਦਾ ਮਨੋਰਥ ਫਲਾਂ ਨੂੰ ਉਤਸ਼ਾਹਤ ਕਰਨ ਤੋਂ ਇਲਾਵਾ ਰਵਾਇਤੀ ਲੋਕ ਸੰਗੀਤ ਨੂੰ ਹੁਲਾਰਾ ਦੇਣਾ ਅਤੇ ਆਪਣੇ ਆਪ ਨੂੰ ਮਾਣਨਾ ਹੈ। ਉਨ੍ਹਾਂ ਕਿਹਾ ਕਿ ਇਸ ਮੇਲੇ ਦਾ ਮਕਸਦ ਪੁਰਾਣੇ ਸਮਿਆਂ ਵਾਂਗ ਰਲ-ਮਿਲ ਕੇ ਬੈਠਣਾ ਹੈ।

ਬਾਬੂਸ਼ਾਹੀ ਡਾਟ ਕਾਮ ਦੇ ਬਾਨੀ  ਬਲਜੀਤ ਬੱਲੀ ਨੇ ਕਿਹਾ ਕਿ ਪੰਜਾਬ ਦੀ ਸਿਰਮੌਰ ਹਸਤੀ ਡਾ. ਮਹਿੰਦਰ ਸਿੰਘ ਰੰਧਾਵਾ ਨੇ ਬਾਗਬਾਨੀ ਖੇਤਰ ਵਿੱਚ ਬਹੁਤ ਕੰਮ ਕੀਤਾ ਅਤੇ ਇਸੇ ਲਈ ਇਹ ਅੰਬ ਚੂਪ ਮੇਲਾ ਡਾ ਰੰਧਾਵਾ ਨੂੰ ਸਮਰਪਿਤ ਕੀਤਾ ਹੈ। ਇਸ ਮੌਕੇ ਉੱਘੇ ਲੋਕ ਗਾਇਕ ਪਾਲੀ ਦੇਤਵਾਲੀਆ ਤੇ ਸਾਰੰਗੀ ਵਾਦਕ ਨਵਜੋਤ ਸਿੰਘ ਮੰਡੇਰ ਤੇ ਸਾਥੀਆਂ ਵੱਲੋਂ ਲੋਕ ਸੰਗੀਤ ਦੀਆਂ ਵੰਨਗੀਆਂ ਨਾਲ ਸਰੋਤਿਆਂ ਨੂੰ ਨਿਹਾਲ ਕੀਤਾ ਗਿਆ। ਲੋਕ ਗਾਇਕੀ ਦਾ ਖੁੱਲ੍ਹਾ ਅਖਾੜਾ ਅੰਬਾਂ ਦੇ ਦਰੱਖਤਾਂ ਹੇਠ ਬਾਗ ਵਿੱਚ ਲਗਾਇਆ ਗਿਆ।

Facebook Comments

Trending

Copyright © 2020 Ludhiana Live Media - All Rights Reserved.