ਪੰਜਾਬੀ

ਲੁਧਿਆਣਾ ‘ਚ ਨਾਜਾਇਜ਼ ਉਸਾਰੀ ਦੀ ਜਾਂਚ ਤੋਂ ਬਾਹਰ 20 ਹਜ਼ਾਰ ਇਮਾਰਤਾਂ, ਟੀਮ ਨੇ 134 ਕਾਲੋਨੀਆਂ ਦੀ ਕੀਤੀ ਜਾਂਚ

Published

on

ਲੁਧਿਆਣਾ : ਨਗਰ ਨਿਗਮ ਦੀ ਹੱਦ ਅੰਦਰ 57 ਹਜ਼ਾਰ 862 ਨਾਜਾਇਜ਼ ਉਸਾਰੀਆਂ ਦੀ ਰਿਪੋਰਟ ਆਉਣ ਤੋਂ ਬਾਅਦ ਹੁਣ ਇਸ ਮਾਮਲੇ ਨੇ ਨਵਾਂ ਮੋੜ ਲੈ ਲਿਆ ਹੈ। ਲੁਧਿਆਣਾ ‘ਚ 4 ਦਿਨਾਂ ਤੋਂ ਨਾਜਾਇਜ਼ ਉਸਾਰੀ ਦੀ ਰਿਪੋਰਟ ਦੀ ਜਾਂਚ ਕਰ ਰਹੀ ਸੂਬਾ ਪੱਧਰੀ ਟੀਮ ਨੇ 20 ਹਜ਼ਾਰ ਦੇ ਕਰੀਬ ਇਮਾਰਤਾਂ ਨੂੰ ਬਾਹਰ ਕਰ ਦਿੱਤਾ ਹੈ। ਟੀਮ ਨੇ 134 ਕਾਲੋਨੀਆਂ ਦੀ ਜਾਂਚ ‘ਚ ਪਾਇਆ ਕਿ ਉਹ ਨਗਰ ਨਿਗਮ ਦੀ ਹੱਦ ਤੋਂ ਬਾਹਰ ਹਨ। ਨਗਰ ਨਿਗਮ ਦੇ ਐਡੀਸ਼ਨਲ ਕਮਿਸ਼ਨਰ ਨੇ ਜਾਂਚ ਦਾ ਆਧਾਰ ਪਾਵਰਕਾਮ ਦੇ ਨਵੇਂ ਕੁਨੈਕਸ਼ਨ ਬਣਾਏ ਸਨ।

ਇਸ ਤੋਂ ਇਲਾਵਾ ਇੰਪਰੂਵਮੈਂਟ ਟਰੱਸਟ ਦੀਆਂ ਕਾਲੋਨੀਆਂ ਅਤੇ ਹੋਰ ਇਮਾਰਤਾਂ ਨੂੰ ਜਾਰੀ ਕੀਤੇ ਗਏ ਕੁਨੈਕਸ਼ਨ ਵੀ ਰਿਪੋਰਟ ਵਿਚ ਸ਼ਾਮਲ ਕੀਤੇ ਗਏ ਹਨ। ਇਹ ਅੰਕੜਾ ਲਗਭਗ 20,000 ਹੈ। ਸੂਬਾ ਪੱਧਰੀ ਜਾਂਚ ਟੀਮ ਲੁਧਿਆਣਾ ਵਿਚ ਡੇਰਾ ਲਾਈ ਬੈਠੀ ਹੈ। ਨਾਜਾਇਜ਼ ਉਸਾਰੀ ਦੇ ਮਾਮਲੇ ਦੀ ਜਾਂਚ ਨਾਲ ਜੁੜੇ ਦਸਤਾਵੇਜ਼ਾਂ ਦੀ ਹਰ ਰੋਜ਼ ਜਾਂਚ ਕੀਤੀ ਜਾ ਰਹੀ ਹੈ। ਹਾਲਾਂਕਿ ਜਾਂਚ ਟੀਮ ਦੇ ਅਧਿਕਾਰੀ ਫਿਲਹਾਲ ਖੁੱਲ੍ਹ ਕੇ ਕੁਝ ਵੀ ਦੱਸਣ ਤੋਂ ਗੁਰੇਜ਼ ਕਰ ਰਹੇ ਹਨ।

ਜ਼ਿਕਰਯੋਗ ਹੈ ਕਿ ਨਿਗਮ ਦੇ ਐਡੀਸ਼ਨਲ ਕਮਿਸ਼ਨਰ ਰਿਸ਼ੀ ਪਾਲ ਨੇ ਉਸ ਸਮੇਂ ਦੇ ਬਾਡੀ ਮੰਤਰੀ ਦੇ ਹੁਕਮਾਂ ਤੇ ਨਾਜਾਇਜ਼ ਬਿਲਡਿੰਗਾਂ ਦੀ ਜਾਂਚ ਸ਼ੁਰੂ ਕੀਤੀ ਸੀ। ਇਸ ਜਾਂਚ ਦੌਰਾਨ ਪਾਵਰਕਾਮ ਵੱਲੋਂ 2016 ਤੋਂ 2020 ਤੱਕ ਜਾਰੀ ਕੀਤੇ ਗਏ ਬਿਜਲੀ ਕੁਨੈਕਸ਼ਨ ਨੂੰ ਆਧਾਰ ਬਣਾਇਆ ਗਿਆ। ਐਡੀਸ਼ਨਲ ਕਮਿਸ਼ਨਰ ਨੇ ਰਿਪੋਰਟ ਵਿਚ ਕਿਹਾ ਸੀ ਕਿ ਚਾਰ ਸਾਲਾਂ ਵਿਚ 57 ਹਜ਼ਾਰ 862 ਨਾਜਾਇਜ਼ ਉਸਾਰੀਆਂ ਹੋਈਆਂ ਹਨ।

ਜਾਂਚ ਟੀਮ ਨੇ ਨਿਗਮ ਦੀ ਹੱਦ ਤੋਂ ਬਾਹਰ 134 ਕਾਲੋਨੀਆਂ ਵਿਚ ਜਾ ਕੇ ਜਾਂਚ ਕੀਤੀ। ਇਹ ਪਾਇਆ ਗਿਆ ਕਿ ਇਨ੍ਹਾਂ ਕਲੋਨੀਆਂ ਵਿੱਚ ਚਾਰ ਸਾਲਾਂ ਵਿੱਚ 10,000 ਨਵੇਂ ਬਿਜਲੀ ਕੁਨੈਕਸ਼ਨ ਸਨ, ਜਿਨ੍ਹਾਂ ਨੂੰ ਰਿਪੋਰਟ ਵਿੱਚ ਸ਼ਾਮਲ ਕੀਤਾ ਗਿਆ ਸੀ। ਇਸ ਤੋਂ ਇਲਾਵਾ ਦੁੱਗਰੀ ਫੇਜ਼ 1 ਅਤੇ 2, ਬੱਸ ਸਟੈਂਡ ਏਰੀਆ, ਅਰਬਨ ਅਸਟੇਟ ਫੇਜ਼ 1 ਅਤੇ 2 ਸੈਕਟਰ 32, 39, 40, ਰਾਜ ਗੁਰੂ ਨਗਰ, ਐਸਬੀਐਸ ਨਗਰ, ਫੋਕਲ ਪੁਆਇੰਟ ਏਰੀਆ ਅਤੇ ਅਨਾਜ ਮੰਡੀਆਂ ਵਿੱਚ ਜਾਰੀ ਕੀਤੇ ਗਏ ਬਿਜਲੀ ਕੁਨੈਕਸ਼ਨਾਂ ਨੂੰ ਵੀ ਰਿਪੋਰਟ ਵਿੱਚ ਸ਼ਾਮਲ ਕੀਤਾ ਗਿਆ ਸੀ।

Facebook Comments

Trending

Copyright © 2020 Ludhiana Live Media - All Rights Reserved.