ਲੁਧਿਆਣਾ – ਖੇਡ ਵਿਭਾਗ ਪੰਜਾਬ ਵੱਲੋਂ ਸਥਾਨਕ ਗੁਰੂ ਨਾਨਕ ਸਟੇਡੀਅਮ ਵਿਖੇ ਪੰਜਾਬ ਯੂਨੀਵਰਸਿਟੀ ਅਧੀਨ ਆਉਂਦੇ ਕਾਲਜਾਂ ਦੇ 17 ਖੇਡਾਂ ਵਿੱਚ ਵਿੰਗਾਂ ਦੇ ਚੋਣ ਟਰਾਇਲ ਕਰਵਾਏ ਗਏ। ਇਹ ਚੋਣ ਟਰਾਇਲ ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਮਨਾਏ ਜਾ ਰਹੇ 550ਵੇਂ ਪ੍ਰਕਾਸ਼ ਪੁਰਬ ਸੰਬੰਧੀ ਸਮਾਗਮਾਂ ਨੂੰ ਸਮਰਪਿਤ ਹਨ।

ਜ਼ਿਲਾ ਖੇਡ ਅਫ਼ਸਰ ਲੁਧਿਆਣਾ ਸ਼੍ਰੀ ਰਵਿੰਦਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਨਾਂ ਖੇਡਾਂ ਵਿੱਚ ਐਥਲੈਟਿਕਸ, ਬਾਸਕਿਟਬਾਲ, ਬਾਕਸਿੰਗ, ਬੈਡਮਿੰਟਨ, ਸਾਈਕਲਿੰਗ, ਫੁੱਟਬਾਲ, ਜਿਮਨਾਸਟਿਕਸ, ਹਾਕੀ, ਹੈਂਡਬਾਲ, ਕਬੱਡੀ (ਨੈਸ਼ਨਲ ਸਟਾਈਲ), ਖੋਹ-ਖੋਹ, ਲਾਅਨ ਟੈਨਿਸ, ਤੈਰਾਕੀ, ਟੇਬਲ ਟੈਨਿਸ, ਵਾਲੀਬਾਲ, ਵੇਟ-ਲਿਫਟਿੰਗ ਅਤੇ ਕੁਸ਼ਤੀ ਸ਼ਾਮਿਲ ਸਨ।

ਉਨਾਂ ਕਿਹਾ ਕਿ ਸਪੋਰਟਸ ਵਿੰਗ ਸਕੀਮ ਅਧੀਨ ਚੁਣੇ ਜਾਣ ਵਾਲੇ ਖਿਡਾਰੀਆਂ/ਖਿਡਾਰਨਾਂ ਨੂੰ ਖੇਡਾਂ ਦਾ ਸਮਾਨ, ਟਰੇਨਿੰਗ ਅਤੇ ਡੇ-ਸਕਾਲਰ ਨੂੰ 100/-ਰੁਪਏ ਪ੍ਰਤੀ ਖਿਡਾਰੀ ਪ੍ਰਤੀ ਦਿਨ ਦੀ ਦਰ ਨਾਲ ਰਿਫਰੈਸ਼ਮੈਂਟ ਦਿੱਤੀ ਜਾਵੇਗੀ। ਇਹਨਾਂ ਟਰਾਇਲਾਂ ਵਿੱਚ ਲਗਭਗ 470 ਖਿਡਾਰੀਆਂ ਨੇ ਭਾਗ ਲਿਆ।




